ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 7 ਅਕਤੂਬਰ
ਵਿਦਿਅਕ ਹਲਕਿਆਂ ’ਚ ਅੱਜ ਸਵੇਰ ਤੋਂ ਵਾਇਰਲ ਹੋਈ ਲਿਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਵਿੱਚ ਪੈਂਦੇ ਚਮਕੌਰ ਸਾਹਿਬ ਅਤੇ ਮੋਰਿੰਡਾ ਵਿਦਿਅਕ ਬਲਾਕਾਂ ਦਾ ਇੱਕ ਵੀ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਇਸ ਲਿਸਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਦਰਅਸਲ ਅੱਜ ਸਵੇਰ ਤੋਂ ਜਿਹੜੇ ਪ੍ਰਾਇਮਰੀ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਲਈ ਸਿੱਖਿਆ ਵਿਭਾਗ ਵੱਲੋਂ ਚੁਣੇ ਗਏ ਹਨ, ਉਨ੍ਹਾਂ ’ਚ ਸ੍ਰੀ ਆਨੰਦਪੁਰ ਸਾਹਿਬ ਬਲਾਕ ਦੇ 50, ਸ੍ਰੀ ਕੀਰਤਪੁਰ ਸਾਹਿਬ ਬਲਾਕ ਦੇ 40, ਤਖ਼ਤਗੜ੍ਹ ਦੇ 40, ਨੰਗਲ ਦੇ 33, ਝੱਜ ਦੇ 31, ਮੀਆਂਪੁਰ ਦੇ 22, ਸਲੌਰਾ ਦੇ 19 ਅਤੇ ਰੂਪਨਗਰ ਦੇ 17 ਸਕੂਲ ਚੁਣੇ ਗਏ ਹਨ, ਜਦੋਂ ਕਿ ਚਮਕੌਰ ਸਾਹਿਬ ਅਤੇ ਮੋਰਿੰਡਾ ਬਲਾਕ ਦੇ ਇੱਕ ਵੀ ਸਕੂਲ ਦੀ ਚੋਣ ਇਸ ਕਾਰਜ ਲਈ ਨਹੀਂ ਕੀਤੀ। ਇਸ ਲਿਸਟ ਵਿੱਚ ਕੈਬਨਿਟ ਮੰਤਰੀ ਚੰਨੀ ਨੂੰ ਚਮਕੌਰ ਸਾਹਿਬ ਹਲਕੇ ਨਾਲ ਹੋ ਰਹੀ ਬੇਇਨਸਾਫ਼ੀ ਤੋਂ ਜਾਣੂ ਕਰਵਾਉਂਦਿਆਂ ਦਖ਼ਲ ਦੇਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਜਰਨੈਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਲਿਸਟ ਵਿਭਾਗ ਵੱਲੋਂ ਹੀ ਜਾਰੀ ਹੈ ਪਰ ਇਹ ਪਤਾ ਲਗਾਇਆ ਜਾਵੇਗਾ ਕਿ ਬਲਾਕ ਚਮਕੌਰ ਸਾਹਿਬ ਅਤੇ ਬਲਾਕ ਮੋਰਿੰਡਾ ਦੇ ਸਕੂਲ ਇਸ ਲਿਸਟ ਵਿੱਚ ਕਿਵੇਂ ਪਾਉਣ ਤੋਂ ਰਹਿ ਗਏ ਹਨ।