ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਜੁਲਾਈ
ਇਥੇ ਥਾਣਾ ਸਦਰ ਅਧੀਨ ਪਿੰਡ ਕੋਠੇ ਭਾਊ ਸਲੀਣਾ ਵਿੱਚ ਚਚੇਰੇ ਭਰਾਵਾਂ ਵਿੱਚ ਟਿਊਬਵੈੱਲ ਦੀ ਮਾਲਕੀ ਦੇ ਝਗੜੇ ਨੇ ਘਰ ਵਿੱਚ ਸੱਥਰ ਵਿਛਾ ਦਿੱਤਾ। ਪੀੜਤ ਕਿਸਾਨ ਹਸਪਤਾਲ ’ਚ 28 ਦਿਨ ਮੌਤ ਨਾਲ ਘੁਲਿਆ ਪਰ ਪੁਲੀਸ ਟੱਸ ਤੋਂ ਮੱਸ ਨਾਂ ਹੋਈ ਆਖਿਰ ਉਸਨੇ ਵੀਡੀਓ ਵਾਇਰਲ ਕਰ ਕੇ ਇਨਸਾਫ਼ ਦੀ ਮੰਗ ਕੀਤੀ। ਇਨਸਾਫ਼ ਮੰਗਦਾ ਇਹ ਕਿਸਾਨ ਜ਼ਿੰਦਗੀ ਤੋਂ ਹਾਰ ਗਿਆ। ਇਥੇ ਸਿਵਲ ਹਸਪਤਾਲ ਵਿੱਚ ਕਿਸਾਨ ਚਮਕੌਰ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਚਚੇਰੇ ਭਰਾਵਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਨੇ ਅੱਜ ਧਰਨਾ ਦਿੱਤਾ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਟਿਊਬਵੈਲ ਝਗੜੇ ’ਚ ਕਿਸਾਨ ਚਮਕੌਰ ਸਿੰਘ ਨੂੰ ਉਸਦੇ ਚਚੇਰੇ ਭਰਾਵਾਂ ਨੇ 21 ਜੂਨ ਨੂੰ ਆਪਣੇ ਘਰ ਲਿਜਾ ਕੇ ਕੋਈ ਜ਼ਹਿਰੀਲੀ ਦਵਾਈ ਪਿਲਾ ਦਿੱਤੀ ਸੀ। ਉਸਨੂੰ ਡੀਐੱਮਸੀ ਦਾਖਲ ਕਰਵਾਇਆ ਗਿਆ ਸੀ ਜਿਥੇ ਉਸਦੀ ਅੱਜ ਮੌਤ ਹੋ ਗਈ। ਪਰਿਵਾਰ ਨੇ 10 ਜੁਲਾਈ ਨੂੰ ਕਿਸਾਨ ਚਮਕੌਰ ਸਿੰਘ ਵੱਲੋਂ ਹਸਪਤਾਲ ’ਚੋਂ ਇਨਸਾਫ਼ ਦੀ ਮੰਗ ਲਈ ਵਾਇਰਲ ਕੀਤੀ ਵੀਡੀਓ ਵੀ ਮੀਡੀਆ ਨੂੰ ਦਿਖਾਈ ਸੀ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲੀਸ ਨੇ ਕਥਿਤ ਸਿਆਸੀ ਦਬਾਅ ਹੇਠ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਚਮਕੌਰ ਸਿੰਘ ਦੇ ਪਿਤਾ ਦੇ ਨਾਮ ਉੱਤੇ ਟਿਊਬਵੈੱਲ ਦੀ ਬਿਜਲੀ ਮੋਟਰ ਦਾ ਕੁਨਕੇੈਸ਼ਨ ਸੀ ਜਿਸ ’ਤੇ ਉਸਦੇ ਚਚੇਰੇ ਭਰਾ ਮਾਲਕਾਨਾ ਹੱਕ ਜਤਾਉਂਦੇ ਸਨ। ਥਾਣਾ ਸਦਰ ਮੁਖੀ ਕਰਮਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਸੁਖਦੀਪ ਸਿੰਘ ਦੇ ਬਿਆਨਾਂ ਉੱਤੇ ਮ੍ਰਿਤਕ ਦੇ ਚਚੇਰੇ ਭਰਾਵਾਂ ਇਕਬਾਲ ਸਿੰਘ, ਨਿਰਮਲ ਸਿੰਘ ਦੋਨੋਂ ਭਰਾ ਅਤੇ ਬਲਜੋਤ ਸਿੰਘ, ਸ਼ਮਸ਼ੇਰ ਸਿੰਘ ਨਿਵਾਸੀ ਪਿੰਡ ਕੋਠੇ ਭਾਊ ਸਲੀਣਾ ਖ਼ਿਲਾਫ ਹੱਤਿਆ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।