ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 27 ਜੂਨ
ਭੂ-ਮਾਫ਼ੀਆ ਤੇ ਗ਼ੈਰਕਾਨੂੰਨੀ ਕੰਮ ਕਰਨ ਵਾਲਿਆਂ ਦੀਆਂ ਸ਼ਿਕਾਇਤਾਂ ਕਰਨ ਵਾਲੇ ਪੰਜਾਬ ਪ੍ਰਦੇਸ਼ ਵਪਾਰ ਮੰਡਲ, ਪਟਿਆਲਾ ਦੇ ਪ੍ਰਧਾਨ ਰਾਕੇਸ਼ ਗੁਪਤਾ ਨੂੰ ਧਮਕੀ ਦਿੱਤੀ ਗਈ ਹੈ ਕਿ ਜੇ ਉਨ੍ਹਾਂ ਨੇ 15 ਲੱਖ ਰੁਪਏ ਫਿਰੌਤੀ ਨਾ ਦਿੱਤੀ ਤਾਂ ਫਿਰ ਉਨ੍ਹਾਂ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ। ਇਹ ਖ਼ੁਲਾਸਾ ਇੱਥੇ ਮੀਡੀਆ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਕੇਸ਼ ਗੁਪਤਾ ਨੇ ਕੀਤਾ। ਉਨ੍ਹਾਂ ਦੱਸਿਆ ਕਿ 19 ਜੂਨ ਨੂੰ ਉਨ੍ਹਾਂ ਦੇ ਘਰ ਚਿੱਠੀ ਆਈ ਸੀ। ਇਸ ਅਨੁਸਾਰ ਸਮਾਣਾ ਦੇ ਗੈਂਗਸਟਰ ਬਲਜਿੰਦਰ ਸਿੰਘ ਦਾ ਕਹਿਣਾ ਹੈ ਉਸ ਨੂੰ ਗੁਪਤਾ ਨੂੰ ਮਾਰਨ ਲਈ 10 ਲੱਖ ਰੁਪਏ ਦੀ ਪੇਸ਼ਕਸ਼ ਹੋਈ ਹੈ ਤੇ ਜੇ ਗੁਪਤਾ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ ਤਾਂ 15 ਲੱਖ ਰੁਪਏ ਦੇ ਦੇਵੇ। ਉਨ੍ਹਾਂ ਦੱਸਿਆ ਕਿ ਚਿੱਠੀ ਲਿਖਣ ਵਾਲੇ ਨੇ ਪੁਲੀਸ ਕੋਲ ਜਾਣ ਖ਼ਿਲਾਫ਼ ਵੀ ਚਿਤਾਵਨੀ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਐੱਸਐੱਸਪੀ ਪਟਿਆਲਾ ਨੂੰ ਸ਼ਿਕਾਇਤ ਕਰਨ ’ਤੇ ਉਨ੍ਹਾਂ ਨੇ ਡੀਐੱਸਪੀ ਡੀ ਨੂੰ ਮਾਮਲੇ ਦੀ ਪੜਤਾਲ ਸੌਂਪੀ ਸੀ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਚਿੱਠੀ ਗੁਰਬਖਸ਼ ਕਲੋਨੀ ਦੇ ਡਾਕਖਾਨੇ ਤੋਂ ਪੋਸਟ ਕੀਤੀ ਗਈ ਹੈ। ਚਿੱਠੀ ’ਤੇ ਜਿਸ ਘਰ ਦਾ ਪਤਾ ਲਿਖਿਆ ਹੈ, ਉਹ ਘਰ ਕਈ ਸਾਲਾਂ ਤੋਂ ਬੰਦ ਪਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਜਾਨ ਕਿਉਂ ਨਾ ਚਲੀ ਪਵੇ ਪਰ ਉਹ ਵਪਾਰੀਆਂ ਤੇ ਲੋਕਾਂ ਦੀ ਭਲਾਈ ਦਾ ਕੰਮ ਬੰਦ ਨਹੀਂ ਕਰਨਗੇ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਾਜਾਇਜ਼ ਕਲੋਨੀਆਂ ਕੱਟਣ ਅਤੇ ਨਕਸ਼ੇ ਪਾਸ ਕਰਵਾਏ ਬਗੈਰ ਮਕਾਨ ਉਸਾਰਨ ਤੇ ਪਾਸ ਨਕਸ਼ਿਆਂ ਮੁਤਾਬਕ ਮਕਾਨ ਉਸਾਰੀ ਨਾ ਕਰਨ ਖ਼ਿਲਾਫ਼ ਨਗਰ ਨਿਗਮ ਨੂੰ ਕਈ ਵਾਰ ਸ਼ਿਕਾਇਤਾਂ ਕੀਤੀਆਂ ਹਨ।