ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਸਤੰਬਰ
ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੂੰ ਪਿਛਲੇ ਦਿਨੀਂ ਚੰਡੀਗੜ੍ਹ ’ਚ ਇਕ ਰੋਸ ਮੁਜ਼ਾਹਰੇ ਦੌਰਾਨ ਬਿਨਾਂ ਹੈਲਮੇਟ ਪਾਏ ਮੋਟਰਸਾਈਕਲ ਚਲਾਉਣਾ ਮਹਿੰਗਾ ਪੈ ਗਿਆ। ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਨੇ ਵਿਧਾਇਕ ਗੋਗੀ ਦਾ ਚਲਾਨ ਕੱਟ ਦਿੱਤਾ ਹੈ। ਚਲਾਨ ਦੀ ਖ਼ਬਰ ਮਿਲਦਿਆਂ ਹੀ ਅੱਜ ਆਪਣੇ ਘਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਗੋਗੀ ਨੇ ਕਿਹਾ ਕਿ ਉਨ੍ਹਾਂ ਨੇ ਕਾਨੂੰਨ ਤੋੜਨ ਵਾਲੀ ਆਪਣੀ ਗ਼ਲਤੀ ਸਵੀਕਾਰ ਕਰ ਲਈ ਹੈ ਤੇ ਪੁਲੀਸ ਵੱਲੋਂ ਜੋ ਵੀ ਜੁਰਮਾਨਾ ਲਾਇਆ ਜਾਵੇਗਾ ਉਹ ਉਸ ਨੂੰ ਭਰਨਗੇ। ਉਨ੍ਹਾਂ ਕਿਹਾ ਕਿ ਉਸ ਦਿਨ ਉਹ ਜਲਦਬਾਜ਼ੀ ਵਿੱਚ ਹੈਲਮੇਟ ਪਾਉਣਾ ਭੁੱਲ ਗਏ ਸਨ। ਕਾਬਿਲੇਗੌਰ ਹੈ ਕਿ ਚੰਡੀਗੜ੍ਹ ’ਚ ਚਾਰ ਦਿਨ ਪਹਿਲਾਂ ‘ਆਪ’ ਨੇ ਰੋਸ ਮਾਰਚ ਤੇ ਧਰਨਾ ਦਿੱਤਾ ਸੀ, ਜਿਸ ’ਚ ਵਿਧਾਇਕ ਗੋਗੀ ਵੱਲੋਂ ਬਿਨਾਂ ਹੈਲਮੇਟ ਮੋਟਰਸਾਈਕਲ ਚਲਾਇਆ ਗਿਆ।