ਪਵਨ ਗੋਇਲ
ਭੁੱਚੋ ਮੰਡੀ, 10 ਅਪਰੈਲ
ਕਰੋਨਾਵਾਇਰਸ ਕਾਰਨ ਹੋਈ ਤਾਲਾਬੰਦੀ ਦੌਰਾਨ ਇੱਥੇ ਬੰਦ ਕੀਤਾ ਗਿਆ ਰੇਲ ਗੱਡੀਆਂ ਦਾ ਠਹਿਰਾਅ ਮੁੜ ਬਹਾਲ ਕਰਵਾਉਣ ਲਈ ਸ਼ਹਿਰ ਵਾਸੀਆਂ ਨੇ ਅੱਜ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਵੱਖ-ਵੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਨੇੜੇ ਪਟੜੀਆਂ ’ਤੇ ਧਰਨਾ ਲਗਾ ਕੇ ਰੇਲ ਆਵਾਜਾਈ ਠੱਪ ਕਰ ਦਿੱਤੀ। ਇਹ ਧਰਨਾ ਸਵੇਰੇ 6 ਵਜੇ ਸ਼ੁਰੂ ਹੋ ਕੇ 10.30 ਵਜੇ ਤੱਕ ਜਾਰੀ ਰਿਹਾ। ਇਸ ਮੌਕੇ ਹਲਕਾ ਵਿਧਾਇਕ ਮਾਸਟਰ ਜਗਦੀਸ਼ ਸਿੰਘ ਨੇ ਧਰਨੇ ਵਿੱਚ ਪਹੁੰਚ ਕੇ ਲੋਕਾਂ ਨੂੰ ਰੇਲਵੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਰੇਲਵੇ ਵਿਭਾਗ ਦੇ ਏਰੀਆ ਟਰੈਫਿਕ ਮੈਨੇਜਰ ਹਰਮੀਤ ਸਿੰਘ, ਟਰੈਫਿਕ ਇੰਸਪੈਕਟਰ ਹਰਜੀਤ ਸਿੰਘ ਜੁਲਕਾ, ਡੀਐੱਸਪੀ ਹਰਿੰਦਰ ਸਿੰਘ ਤੇ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਨੇ ਐਕਸ਼ਨ ਕਮੇਟੀ ਨਾਲ ਤਿੰਨ ਵਾਰ ਗੱਲਬਾਤ ਕੀਤੀ, ਜੋ ਕਿ ਬੇਸਿੱਟਾ ਰਹੀ। ਅਖ਼ੀਰ ਰੇਲਵੇ ਅਧਿਕਾਰੀਆਂ ਵੱਲੋਂ ਐਕਸ਼ਨ ਕਮੇਟੀ ਦੀ 12 ਅਪਰੈਲ ਨੂੰ ਅੰਬਾਲਾ ਦੇ ਡੀਆਰਐੱਮ ਨਾਲ ਮੀਟਿੰਗ ਕਰਵਾਉਣ ਦੇ ਦਿੱਤੇ ਗਏ ਭਰੋਸੇ ਮਗਰੋਂ ਧਰਨਾ ਸਮਾਪਤ ਕੀਤਾ ਗਿਆ। ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਵਿਭਾਗ ਨੇ ਸਵੇਰ ਤੋਂ ਹੀ ਇੱਥੇ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਹੋਇਆ ਸੀ। ਸ਼ਹਿਰ ਵਾਸੀਆਂ ਨੇ ਸ੍ਰੀ ਗੰਗਾ ਨਗਰ ਤੋਂ ਹਰਿਦੁਆਰ ਜਾਣ ਵਾਲੀ ਇੰਟਰਸਿਟੀ ਰੇਲ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਰੇਲਵੇ ਵਿਭਾਗ ਨੇ ਇਹ ਰੇਲ ਗੱਡੀ ਬਠਿੰਡਾ ਰੇਲਵੇ ਸਟੇਸ਼ਨ ’ਤੇ ਹੀ ਰੋਕ ਲਈ ਅਤੇ ਬਦਲਵੇਂ ਰੂਟ ਰਾਹੀਂ ਰਵਾਨਾ ਕੀਤੀ। ਇਸੇ ਤਰ੍ਹਾਂ ਫਾਜ਼ਿਲਕਾ ਤੋਂ ਦਿੱਲੀ ਜਾਣ ਵਾਲੀ ਮੇਲ ਗੱਡੀ ਵੀ ਬਦਲਵੇਂ ਰੂਟ ਰਾਹੀਂ ਭੇਜੀ ਗਈ ਜਦਕਿ ਰੇਲ ਗੱਡੀ ਨੰਬਰ 14507-08, 14525-26 ਅਤੇ 14735 ਰੱਦ ਕਰਨੀਆਂ ਪਈਆਂ ਅਤੇ ਕਈ ਰੇਲ ਗੱਡੀਆਂ ਨਿਸ਼ਚਿਤ ਸਮੇਂ ਤੋਂ ਲੇਟ ਹੋਈਆਂ। ਇਸ ਪ੍ਰਦਰਸ਼ਨ ਵਿੱਚ ਸ਼ਹਿਰ ਦੀਆਂ ਲਗਪਗ ਦੋ ਦਰਜਨ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਰੇਲ ਗੱਡੀਆਂ ਦੀਆਂ ਸਵਾਰੀਆਂ ਲਈ ਲੰਗਰ ਭੇਜਿਆ
ਰਾਮਪੁਰਾ ਵੱਲੋਂ ਆ ਰਹੀ ਰਿਸ਼ੀਕੇਸ਼ ਤੋਂ ਬਾੜਮੇਰ ਜਾਣ ਵਾਲੀ ਮੇਲ ਗੱਡੀ ਬਿਜਲੀ ਲਾਈਨ ਵਿੱਚ ਤਕਨੀਕੀ ਖਰਾਬੀ ਹੋਣ ਕਾਰਨ ਭੁੱਚੋ ਰੇਲਵੇ ਸਟੇਸ਼ਨ ਨੇੜੇ ਰੁਕ ਗਈ, ਜਿਸ ਨੂੰ ਧਰਨੇ ਕਾਰਨ ਵਾਪਸ ਰਾਮਪੁਰਾ ਭੇਜ ਦਿੱਤਾ ਗਿਆ। ਧਰਨਾ ਸਮਾਪਤ ਹੋਣ ਮਗਰੋਂ ਇਹ ਰੇਲ ਗੱਡੀ ਅੱਠ ਘੰਟੇ ਦੇਰੀ ਨਾਲ ਰਵਾਨਾ ਹੋਈ। ਭੁੱਚੋ ਵਾਸੀਆਂ ਨੇ ਇਸ ਰੇਲ ਗੱਡੀ ਵਿਚਲੇ ਯਾਤਰੀਆਂ ਲਈ ਚਾਹ-ਪਾਣੀ ਦਾ ਲੰਗਰ ਭੇਜਿਆ ਅਤੇ ਬੱਸਾਂ ਰਾਹੀਂ ਜਾਣ ਵਾਲੇ ਯਾਤਰੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ। ਇੱਕ ਗਰਭਵਤੀ ਔਰਤ ਦੀ ਸਹਾਇਤਾ ਲਈ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਗਿਆ।