ਪਠਾਨਕੋਟ: ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੂੰ ਜੋੜਦੇ ਚੱਕੀ ਦਰਿਆ ਉੱਪਰ ਬਣੇ ਸੜਕੀ ਮਾਰਗ ਵਾਲੇ ਪੁਲ ਨੂੰ ਅੱਜ ਤੋਂ ਛੋਟੇ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਪੁਲ ਦੇ ਦੋ ਪਿੱਲਰ ਪਿਛਲੇ ਦਿਨੀਂ ਦਰਿਆ ਵਿੱਚ ਆਏ ਹੜ੍ਹ ਕਾਰਨ ਖੁਰ ਗਏ ਸਨ। ਉਸ ਵੇਲੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਨੇ ਪੁਲ ਉਪਰੋਂ ਆਵਾਜਾਈ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਸੀ ਜਿਸ ਕਰਕੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਨੈਸ਼ਨਲ ਹਾਈਵੇਅ ਅਥਾਰਟੀ ਨੇ ਪੁਲ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਆਰੰਭਿਆ ਸੀ ਜਿਸ ਤੋਂ ਬਾਅਦ ਛੋਟੇ ਵਾਹਨਾਂ ਨੂੰ ਪੁਲ ਤੋਂ ਲੰਘਣ ਦੀ ਇਜਾਜ਼ਤ ਦਿੱਤੀ ਗਈ ਹੈ ਜਦਕਿ ਵੱਡੇ ਟਰੱਕ ਅਤੇ ਬੱਸਾਂ ਆਦਿ ਦੇ ਲੰਘਣ ਉੱਪਰ ਫਿਲਹਾਲ ਮਨਾਹੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਜਦੋਂ ਕੰਮ ਮੁਕੰਮਲ ਹੋ ਜਾਵੇਗਾ ਤਾਂ ਹੀ ਵੱਡੇ ਵਾਹਨਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਜਾਵੇਗੀ। -ਪੱਤਰ ਪ੍ਰੇਰਕ