ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਫਰਵਰੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਹਜ਼ਾਰਾਂ ਕਿਸਾਨਾਂ ਨੇ ਇਥੇ ਦਿੱਲੀ-ਲੁਧਿਆਣਾ ਹਾਈਵੇਅ ਉਪਰ ਤਿੰਨ ਘੰਟੇ ਚੱਕਾ ਜਾਮ ਕਰਕੇ ਵਿਸ਼ਾਲ ਧਰਨਾ ਦਿੱਤਾ ਜਿਸ ਵਿੱਚ ਕਿਸਾਨ ਬੀਬੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਖੇਤੀ ਕਾਨੂੰਨ ਰੱਦ ਨਾ ਕਰਨ ਦੀ ਜ਼ਿੱਦ ’ਤੇ ਅੜੀ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਤਿੱਖੇ ਸ਼ਬਦੀ ਹਮਲੇ ਕੀਤੇ। ਰੋਸ ਧਰਨੇ ’ਚ ਜਿਥੇ ਕੌਮਾਂਤਰੀ ਗਾਇਕਾ ਰਿਹਾਨਾ ਅਤੇ ਵਾਤਾਵਰਨ ਪ੍ਰੇਮੀ ਗ੍ਰੇਟਾ ਥਨਬਰਗ ਸਮੇਤ ਕੌਮਾਂਤਰੀ ਹਸਤੀਆਂ ਦੀ ਕਿਸਾਨ ਅੰਦੋਲਨ ਦੀ ਹਮਾਇਤ ਕਰਨ ’ਤੇ ਭਰਵੀਂ ਸ਼ਲਾਘਾ ਕੀਤੀ ਗਈ, ਉਥੇ ਕ੍ਰਿਕਟਰ ਸਚਿਨ ਤੇਂਦੁਲਕਰ, ਫ਼ਿਲਮੀ ਅਦਾਕਾਰ ਅਕਸ਼ੈ ਕੁਮਾਰ, ਸਨੀ ਦਿਓਲ, ਕੰਗਣਾ ਰਣੌਤ ਆਦਿ ਦੀ ਸਖਤ ਆਲੋਚਨਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ ਪਰ ਜਿਨ੍ਹਾਂ ਫ਼ਿਲਮੀ ਅਦਾਕਾਰਾਂ ਨੂੰ ਪੰਜਾਬ ਦੇ ਲੋਕਾਂ ਨੇ ਅੱਖਾਂ ’ਤੇ ਬਿਠਾਇਆ, ਉਹ ਔਖੇ ਵੇਲੇ ਪੰਜਾਬ ਨੂੰ ਪਿੱਠ ਵਿਖਾ ਗਏ। ਵੱਖ-ਵੱਖ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਜੇਤੂ ਸੰਘਰਸ਼ ਦੇ ਝੰਡੇ ਬੁਲੰਦ ਕਰਨ ਲਈ ਲੋਕਾਂ ਨੂੰ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠ ਹਜ਼ਾਰਾਂ ਕਿਸਾਨ ਸਥਾਨਕ ਰੇਲਵੇ ਸਟੇਸ਼ਨ ਨੇੜੇ ਚੱਲ ਰਹੇ ਰੋਸ ਧਰਨੇ ’ਚ ਹਜ਼ਾਰਾਂ ਦੀ ਤਾਦਾਦ ’ਚ ਸ਼ਾਮਲ ਹੋਏ, ਜਿਥੋਂ ਰੋਸ ਮਾਰਚ ਕਰਦਿਆਂ ਦਿੱਲੀ-ਲੁਧਿਆਣਾ ਹਾਈਵੇ ’ਤੇ ਸਥਿਤ ਭਗਵਾਨ ਮਹਾਵੀਰ ਚੌਕ ਪੁੱਜ ਕੇ ਰੋਸ ਧਰਨਾ ਦਿੱਤਾ ਅਤੇ ਚੌਕ ਤੋਂ ਲੁਧਿਆਣਾ, ਬਠਿੰਡਾ, ਦਿੱਲੀ ਅਤੇ ਸੰਗਰੂਰ ਬਾਜ਼ਾਰ ਨੂੰ ਜਾਂਦੀਆਂ ਸੜਕਾਂ ਜਾਮ ਕਰ ਦਿੱਤੀਆਂ। ਭਗਵਾਨ ਮਹਾਵੀਰ ਚੌਕ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਇਕੱਠ ਸੀ, ਜਿਸ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਲੋਕ ਰੋਹ ਠਾਠਾਂ ਮਾਰ ਰਿਹਾ ਸੀ। ਰੋਸ ਧਰਨੇ ਨੂੰ ਕਿਸਾਨ ਜਥੇਬੰਦੀਆਂ ਦੇ ਆਗੂ ਨਿਰਮਲ ਸਿੰਘ ਬਟੜਿਆਣਾ, ਹਰਮੇਲ ਸਿੰਘ ਮਹਿਰੋਕ, ਹਰਜੀਤ ਸਿੰਘ ਮੰਗਵਾਲ, ਸੁਖਦੇਵ ਸਿੰਘ ਉਭਾਵਾਲ, ਅਮਰੀਕ ਸਿੰਘ ਕਾਂਝਲਾ, ਸੰਤ ਰਾਮ ਛਾਜਲੀ, ਮੇਜਰ ਸਿੰਘ ਪੁੰਨਾਂਵਾਲ, ਜਰਨੈਲ ਸਿੰਘ ਜਨਾਲ, ਸਰਬਜੀਤ ਵੜੈਚ, ਵਰਿੰਦਰਪਾਲ ਸਿੰਘ ਬਰੜਵਾਲ, ਹਰੀ ਸਿੰਘ ਚੱਠਾ, ਊਧਮ ਸਿੰਘ ਸੰਤੋਖਪੁਰਾ, ਇੰਦਰਜੀਤ ਸਿੰਘ ਪੁੰਨਾਂਵਾਲ, ਜਗਸੀਰ ਸਿੰਘ ਨਮੋਲ, ਸੁਖਦੇਵ ਸ਼ਰਮਾ, ਜਮਹੂਰੀ ਅਧਿਕਾਰ ਸਭਾ ਦੇ ਨਾਮਦੇਵ ਸਿੰਘ ਭੂਟਾਲ, ਡੀਐੱਮਐੱਫ ਦੇ ਸਵਰਨਜੀਤ ਸਿੰਘ, ਤਰਕਸ਼ੀਲ ਆਗੂ ਮਾਸਟਰ ਪਰਮ ਵੇਦ, ਮਜ਼ਦੂਰ ਆਗੂ ਸੰਜੀਵ ਮਿੰਟੂ, ਐਡਵੋਕੇਟ ਦਲਜੀਤ ਸਿੰਘ ਸੇਖੋਂ, ਚਮਕੌਰ ਸਿੰਘ ਖੇੜੀ, ਡਾ. ਏਐੱਸ ਮਾਨ, ਫਰੀਡਮ ਫਾਈਟਰਾਂ ਵੱਲੋਂ ਹਰਿੰਦਰਪਾਲ ਸਿੰਘ ਖਾਲਸਾ, ਸ਼ਮਿੰਦਰ ਕੌਰ ਲੌਂਗੋਵਾਲ ਆਦਿ ਨੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ।