ਸ਼ਗਨ ਕਟਾਰੀਆ
ਬਠਿੰਡਾ, 27 ਜਨਵਰੀ
ਸਰਕਾਰੀ ਟਰਾਂਸਪੋਰਟ ਦੀਆਂ ਸੱਤ ਜਥੇਬੰਦੀਆਂ ਨੇ ਅੱਜ ਇੱਥੇ ਪੀਆਰਟੀਸੀ ਡਿੱਪੂ ਅੱਗੇ ਗੇਟ ਰੈਲੀ ਕੀਤੀ। ਉਨ੍ਹਾਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ’ਤੇ ਦੋਸ਼ ਲਾਏ ਕਿ ਚੋਣ ਜ਼ਾਬਤਾ ਲੱਗਣ ਮਗਰੋਂ ਉਸ ਨੇ ਵੱਡੇ ਟਰਾਂਸਪੋਰਟ ਤੇ ਸਿਆਸੀ ਘਰਾਣਿਆਂ ਨੂੰ ਫਾਇਦਾ ਦੇਣ ਦੇ ਮਕਸਦ ਨਾਲ ਬੱਸਾਂ ਦੀ ਪੁਰਾਣੀ ਸਮਾਂ ਸਾਰਨੀ ਬਹਾਲ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ 28 ਜਨਵਰੀ ਨੂੰ ਪੰਜਾਬ ਭਰ ’ਚ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਬੱਸਾਂ ਦਾ ਚੱਕਾ ਜਾਮ ਕਰ ਕੇ ਰੋਸ ਪ੍ਰਗਟ ਕੀਤਾ ਜਾਵੇਗਾ ਅਤੇ ਲੋੜ ਪਈ ਤਾਂ ਕੰਮ ਛੱਡੋ ਅੰਦੋਲਨ ਨੂੰ ਵਧਾਇਆ ਜਾਵੇਗਾ। ਯੂਨੀਅਨਾਂ ਦੇ ਕੇਂਦਰੀ ਆਗੂ ਐਡਵੋਕੇਟ ਪ੍ਰੀਤਮ ਸਿੰਘ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਸਰਕਾਰੀ ਬੱਸਾਂ ਦੇ ਰੂਟਾਂ ਦੇ ਸਮੇਂ ’ਚ ਖੋਰਾ ਲਾ ਕੇ ਵੱਡੇ ਸਿਆਸੀ ਘਰਾਣਿਆਂ ਦੀਆਂ ਬੱਸਾਂ ਨੂੰ ਖੁੱਲ੍ਹੇਆਮ ਲਾਭ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਬਣਨ ’ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਕਵਾਇਦ ਨੂੰ ਨੱਥ ਪਾਈ ਤੇ ਘਾਟੇ ’ਚ ਜਾ ਰਹੀ ਸਰਕਾਰੀ ਟਰਾਂਸਪੋਰਟ ’ਚ ਜਾਨ ਪੈਣ ਲੱਗੀ। ਇੰਨੇ ’ਚ ਚੋਣ ਜ਼ਾਬਤਾ ਲੱਗ ਗਿਆ ਅਤੇ ਟਰਾਂਸਪੋਰਟ ਅਧਿਕਾਰੀਆਂ ਨੇ ਵੱਡੇ ਟਰਾਂਸਪੋਰਟਰਾਂ ਦੇ ਦਬਾਅ ਹੇਠ ਦਸੰਬਰ ਮਹੀਨੇ ਲਾਗੂ ਕੀਤੀ ਨਵੀਂ ਤੇ ਤਰਕਸੰਗਤ ਸਮਾਂ ਸਾਰਨੀ ਨੂੰ ਮਹੀਨੇ ਬਾਅਦ ਰੱਦ ਕਰਕੇ ਪੁਰਾਣੀ ਸਮਾਂ ਸਾਰਨੀ ਬਹਾਲ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਮਾਂ ਸਾਰਨੀ ਅਨੁਸਾਰ ਸਰਕਾਰੀ ਬੱਸਾਂ ਨੂੰ ਸਿਰਫ ਕਾਊਂਟਰ ’ਤੇ ਖੜ੍ਹਨ ਦਾ ਸਮਾਂ ਔਸਤਨ 4 ਤੋਂ 5 ਮਿੰਟ ਮਿਲਦਾ ਹੈ, ਜਦਕਿ ਪ੍ਰਾਈਵੇਟ ਬੱਸਾਂ 20 ਮਿੰਟਾਂ ਤੱਕ ਖੜ੍ਹਦੀਆਂ ਹਨ। ਉਨ੍ਹਾਂ ਕਿਹਾ ਕਿ ਵਾਰ-ਵਾਰ ਇਸ ਬਾਰੇ ਇਤਰਾਜ਼ ਜਤਾਉਣ ਮਗਰੋਂ ਵੀ ਕਿਤੇ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਹੁਣ ਉਨ੍ਹਾਂ ਨੂੰ ਚੱਕਾ ਜਾਮ ਕਰਨ ਦਾ ਫ਼ੈਸਲਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਡਿਪਟੀ ਕਮਿਸ਼ਨਰ ਬਠਿੰਡਾ, ਆਰਟੀਓ ਬਠਿੰਡਾ ਅਤੇ ਪੀਆਰਟੀਸ ਡਿੱਪੂ ਬਠਿੰਡਾ ਦੇ ਜਨਰਲ ਮੈਨੇਜਰ ਨੂੰ ਨੋਟਿਸ ਵੀ ਦਿੱਤਾ ਗਿਆ ਹੈ।
ਰੈਲੀ ਨੂੰ ਗੰਡਾ ਸਿੰਘ, ਗੁਰਜੰਟ ਸਿੰਘ, ਸੁਖਜਿੰਦਰ ਸਿੰਘ, ਗੁਰਸਿਕੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।