ਬਲਵਿੰਦਰ ਰੈਤ
ਨੂਰਪੁਰ ਬੇਦੀ, 8 ਅਪਰੈਲ
ਚਾਰ ਹਫ਼ਤਿਆਂ ਤੋਂ ਪਿੰਡ ਐਲਗਰਾਂ ਵਿੱਚ ਇਲਾਕਾ ਸੰਘਰਸ਼ ਕਮੇਟੀ ਵੱਲੋਂ ਗੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਲਾਏ ਧਰਨੇ ਉਪਰੰਤ ਕੋਈ ਵੀ ਨਤੀਜਾ ਨਾ ਨਿਕਲਣ ’ਤੇ ਅੱਜ ਕਮੇਟੀ ਆਗੂਆਂ, ‘ਆਪ’ ਦੇ ਸਥਾਨਕ ਲੀਡਰਾਂ ਅਤੇ ਪੀੜਤ ਲੋਕਾਂ ਵੱਲੋਂ ਇਕੱਠੇ ਹੋ ਕੇ ਪੁਲੀਸ ਚੌਕੀ ਕਲਵਾਂ ਮੌੜ ਦੇ ਨਜ਼ਦੀਕ ਸ੍ਰੀ ਆਨੰਦਪੁਰ ਸਾਹਿਬ ਤੋਂ ਗੜ੍ਹਸ਼ੰਕਰ ਅਤੇ ਨੰਗਲ ਮੇਨ ਸੜਕਾਂ ’ਤੇ ਦੋ ਘੰਟੇ ਲਈ ਜਾਮ ਲਗਾਇਆ ਗਿਆ।
ਇਸ ਧਰਨੇ ਵਿੱਚ ਗੜ੍ਹਸ਼ੰਕਰ ਤੋਂ ‘ਆਪ’ ਵਿਧਾਇਕ ਜੈ ਸਿੰਘ ਰੌੜੀ ਅਤੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਸ਼ਿਰਕਤ ਕੀਤੀ। ਧਰਨੇ ਦੀ ਭਿਣਕ ਮਿਲਦਿਆਂ ਹੀ ਡੀਐੱਸਪੀ ਰਮਿੰਦਰ ਸਿੰਘ ਕਾਹਲੋਂ, ਪਵਨ ਕੁਮਾਰ ਐੱਸਐੱਚਓ ਨੰਗਲ, ਵਿਕਰਮਜੀਤ ਸਿੰਘ ਐੱਸਐੱਚਓ ਨੂਰਪੁਰ ਬੇਦੀ ਆਪਣੀ ਪੁਲੀਸ ਪਾਰਟੀ ਨਾਲ ਧਰਨੇ ਵਾਲੀ ਥਾਂ ’ਤੇ ਪਹੁੰਚ ਗਏ। ਇਸ ਮੌਕੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਗੈਰਕਾਨੂੰਨੀ ਮਾਈਨਿੰਗ ਨੂੰ ਲੈ ਕੇ ਉਹ 2010 ਤੋਂ ਲਗਾਤਾਰ ਲੜਾਈ ਲੜਦੇ ਆ ਰਹੇ ਹਨ ਪਰ ਗੈਰਕਾਨੂੰਨੀ ਮਾਈਨਿੰਗ ਅੱਗੇ ਨਾਲੋਂ ਕਈ ਗੁਣਾਂ ਵਧ ਚੁੱਕੀ ਹੈ। ਹਲਕਾ ਵਿਧਾਇਕ ਜੈ ਸਿੰਘ ਰੌੜੀ ਨੇ ਦੋਸ਼ ਲਾਇਆ ਕਿ ਗੈਰਕਾਨੂੰਨੀ ਮਾਈਨਿੰਗ ਸੱਤਾਧਾਰੀ ਪਾਰਟੀ ਦੀ ਸ਼ਹਿ ’ਤੇ ਹੋ ਰਹੀ ਹੈ ਜਿਸ ਨੂੰ ਲੈ ਕੇ ਭਵਿੱਖ ਵਿੱਚ ਪਾਰਟੀ ਪੰਜਾਬ ਪੱਧਰ ’ਤੇ ਪ੍ਰਦਰਸ਼ਨ ਕਰੇਗੀ। ਇਸ ਮੌਕੇ ਧਰਨਕਾਰੀਆਂ ਨੇ ਨੰਗਲ ਦੇ ਤਹਿਸੀਲਦਾਰ ਰਾਮ ਕਿਸ਼ਨ ਨੂੰ ਮੰਗ ਪੱਤਰ ਵੀ ਦਿੱਤਾ। ਉਨ੍ਹਾਂ ਧਰਨਾਕਾਰੀਆਂ ਦੀ ਗਿਆਰਾਂ ਮੈਂਬਰੀ ਕਮੇਟੀ ਨੂੰ ਨੰਗਲ ਵਿੱਚ ਉੱਚ ਅਧਿਕਾਰੀਆਂ ਨੂੰ ਮਿਲਾਉਣ ਦਾ ਭਰੋਸਾ ਦਿੱਤਾ।
ਪੰਦਰਾਂ ਮੈਂਬਰੀ ਕਮੇਟੀ ਬਣਾਈ
ਇਲਾਕਾ ਸੰਘਰਸ਼ ਕਮੇਟੀ ਵੱਲੋਂ ਇਲਾਕਾ ਸੰਘਰਸ਼ ਕਮੇਟੀ ਵੱਲੋਂ ਗੈਰਕਾਨੂੰਨੀ ਮਾਈਨਿੰਗ ਰੋਕਣ ਲਈ ਅੱਜ ਸਵੇਰੇ ਲਾਏ ਗਏ ਧਰਨੇ ਉਪਰੰਤ ਉੱਚ ਅਧਿਕਾਰੀਆਂ ਨੂੰ ਮਿਲਣ ਲਈ ਪੰਦਰਾਂ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਸਰੂਪ ਸਿੰਘ, ਰਾਜਪਾਲ ਸਿੰਘ, ਰਘਵੀਰ ਸਿੰਘ ਬੇਲਾ, ਹਰਪਾਲ ਸਿੰਘ ਬੇਲਾ, ਜਸਵਿੰਦਰ ਸਿੰਘ ਬੇਲਾ, ਜਸਵੰਤ ਸਿੰਘ, ਹਰਦੇਵ ਸਿੰਘ ਮਜਾਰੀ, ਗੁਰਦੇਵ ਸਿੰਘ ਸੈਸੋਵਾਲ, ਬਲਰਾਮ ਸਿੰਘ ਮਜਾਰਾ, ਅਵਤਾਰ ਸਿੰਘ ਨਾਨਗਰਾਂ, ਜੁਗਦੇਵ ਸਿੰਘ ਨਾਨਗਰਾਂ, ਲਾਲ ਸਿੰਘ ਹਰਸਾ ਬੇਲਾ, ਟਿੱਕਾ ਜਸਵੀਰ ਚੰਦ ਭਲਾਣ, ਸੰਜੀਵ ਰਾਣਾ, ਐਡਵੋਕੇਟ ਵਿਸ਼ਾਲ ਸੈਣੀ ਨੂੰ ਨਿਯੁਕਤ ਕੀਤਾ ਗਿਆ।