ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਸਤੰਬਰ
ਕਿਸਾਨੀ ਮਸਲਿਆਂ ਦੇ ਹੱਲ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਿੱਥੇ ਗਏ ਪ੍ਰੋਗਰਾਮ ਤਹਿਤ ਅੱਜ ਪੰਜਾਬ ਵਿੱਚ 10 ਥਾਵਾਂ ’ਤੇ ਚੱਕਾ ਜਾਮ ਕੀਤਾ ਗਿਆ, ਜਿਸ ਮਗਰੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਗਈ ਤੇ ਮੌਕੇ ’ਤੇ ਕੁਝ ਮੰਗਾਂ ਮੰਨਣ ਦਾ ਭਰੋਸਾ ਦੇਣ ਮਗਰੋਂ ਬਾਕੀ ਮੰਗਾਂ 6 ਅਕਤੂਬਰ ਨੂੰ ਮੀਟਿੰਗ ਕਰਕੇ ਹੱਲ ਕਰਨ ਦਾ ਵਾਅਦਾ ਕੀਤਾ ਗਿਆ। ਮੋਰਚੇ ਦੇ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਦੱਸਿਆ ਕਿ ਗੱਲਬਾਤ ਮਗਰੋਂ ਧਰਨੇ ਛੇ ਅਕਤੂਬਰ ਤੱਕ ਮੁਲਤਵੀ ਕਰ ਦਿੱਤੇ ਗਏ ਹਨ। ਪੰਜਾਬ ਦੇ ਕਿਸਾਨਾਂ ਨੇ ਅੱਜ 10 ਥਾਵਾਂ ’ਤੇ ਸ਼ਾਂਤਮਈ ਪ੍ਰਦਰਸ਼ਨ ਕਰਕੇ ਅਤੇ ਚੱਕਾ ਜਾਮ ਰਾਹੀਂ ਸਰਕਾਰ ਨੂੰ ਸੰਦੇਸ਼ ਦਿੱਤਾ ਹੈ ਕਿ ਕਿਸਾਨੀ ਮਸਲਿਆਂ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਭਾਵੇਂ ਬਦਲ ਕਈ ਹੈ, ਪਰ ਕਿਸਾਨਾਂ ਦੇ ਦਿਨ ਨਹੀਂ ਬਦਲੇ। ਬੁਲਾਰਿਆਂ ਨੇ ਕਿਹਾ ਕਿ ਦਿੱਲੀ ਦੇ ਕਿਸਾਨ ਅੰਦੋਲਨ ਦੀ ਜਿੱਤ ਨੇ ਦਰਸਾ ਦਿੱਤਾ ਹੈ ਕਿ ਕਿਸਾਨੀ ਏਕਤਾ ਹਕੂਮਤਾਂ ਦਾ ਗਰੂਰ ਤੋੜ ਸਕਦੀ ਹੈ। ਬੁਲਾਰਿਆਂ ਨੇ ਕਿਹਾ ਕਿ ਕਣਕ ਦਾ ਝਾੜ ਘਟਣ ਕਰਕੇ ਕਿਸਾਨੀ ਨੂੰ ਵੱਡਾ ਵਿੱਤੀ ਘਾਟਾ ਪਿਆ ਤੇ ਹੁਣ ਲੰਪੀ ਸਕਿਨ ਕਾਰਨ ਪਸ਼ੂ ਪਾਲਕਾਂ ਦਾ ਨੁਕਸਾਨ ਹੋਇਆ ਹੈ। ਨਰਮਾ ਗੁਲਾਬੀ ਸੁੰਡੀ ਨੇ ਖਾ ਲਿਆ ਤੇ ਹੁਣ ਝੋਨੇ ਨੂੰ ਵੀ ਬਿਮਾਰੀ ਪੈ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਜਦੋਂ ਤੱਕ ਸਰਕਾਰ ਠੋਸ ਨੀਤੀਆਂ ਨਹੀਂ ਲਿਆਉਂਦੀ, ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।