ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਅਕਤੂਬਰ
ਸੰਗਰੂਰ ਪੁਲੀਸ ਨੇ ਬੀਤੇ ਦਿਨ ਨੰਬਰਦਾਰ ਯੂਨੀਅਨ ਵੱਲੋਂ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ਐੱਨਐੱਚ-7 ਜਾਮ ਕਰਨ, ਆਮ ਲੋਕਾਂ ਅਤੇ ਆਉਣ-ਜਾਣ ਵਾਲਿਆਂ ਨੂੰ ਪ੍ਰੇਸ਼ਾਨ ਕਰਨ ਅਤੇ ਸਰਕਾਰੀ ਸੇਵਾਦਾਰ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਣ ਦੇ ਦੋਸ਼ ਹੇਠ ਨੰਬਰਦਾਰ ਯੂਨੀਅਨ ਦੇ 15 ਆਗੂਆਂ ਅਤੇ ਤਕਰੀਬਨ 350 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲੀਸ ਦੇ ਉਪ ਕਪਤਾਨ ਅਜੇਪਾਲ ਸਿੰਘ ਨੇ ਦੱਸਿਆ ਕਿ ਨੰਬਰਦਾਰ ਯੂਨੀਅਨ ਦੇ ਤਕਰੀਬਨ 300 ਅੰਦੋਲਨਕਾਰੀਆਂ ਵੱਲੋਂ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ਨੂੰ ਜਾਮ ਕੀਤਾ ਗਿਆ। ਨੈਸ਼ਨਲ ਹਾਈਵੇਅ-7 ਨੇੜੇ ਗੁਰਦੁਆਰਾ ਸਿਧਾਣਾ ਸਾਹਿਬ ਸੰਗਰੂਰ ਨੂੰ ਜਾਮ ਕਰ ਕੇ ਆਮ ਲੋਕਾਂ ਤੇ ਆਉਣ ਜਾਣ ਵਾਲਿਆਂ ਨੂੰ ਪ੍ਰੇਸ਼ਾਨ ਕੀਤਾ ਗਿਆ ਅਤੇ ਸਰਕਾਰੀ ਸੇਵਾਦਾਰ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਿਆ ਗਿਆ। ਨੈਸ਼ਨਲ ਹਾਈਵੇਅ ਦੀਆਂ ਦੋਵੇਂ ਸੜਕਾਂ ਲਗਭਗ ਤਿੰਨ ਘੰਟੇ ਲਈ ਜਾਮ ਰੱਖੀਆਂ ਗਈਆਂ। ਪ੍ਰਦਰਸ਼ਨਕਾਰੀਆਂ ਨੂੰ ਇਹ ਧਰਨਾ ਸਮਾਪਤ ਕਰਨ ਲਈ ਮਨਾਇਆ ਗਿਆ ਪਰ ਧਰਨਾਕਾਰੀ ਹਾਈਵੇਅ ਉਪਰ ਡਟੇ ਰਹੇ।