ਚੰਡੀਗੜ੍ਹ: ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਚੇਅਰਮੈਨ ਐੱਚਐੱਸ ਹੰਸਪਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਸਤੀ ਬਿਜਲੀ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਹੁਣ ਪੰਜਾਬ ਸਰਕਾਰ ਤਰਫੋਂ ਬਿਜਲੀ ਦਰਾਂ ਵਿੱਚ ਤਿੰਨ ਰੁਪਏ ਦੀ ਕਟੌਤੀ ਕੀਤੀ ਗਈ ਹੈ ਤਾਂ ਉਹ ਸੋਲਰ ਪ੍ਰਾਜੈਕਟਾਂ ਜ਼ਰੀਏ ਪੰਜਾਬ ਸਰਕਾਰ ਨੂੰ ਸਸਤੀ ਬਿਜਲੀ ਮੁਹੱਈਆ ਕਰਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਿਜਲੀ ਮੰਗ ਦੀ ਪੂਰਤੀ ਵਿੱਚ ਸੋਲਰ ਊਰਜਾ ਭਰਵਾਂ ਯੋਗਦਾਨ ਪਾ ਸਕਦੀ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਹੰਸਪਾਲ ਨੇ ਕਿਹਾ ਕਿ ਇਸ ਵੇਲੇ ਸੂਰਜੀ ਊਰਜਾ ਵਾਲੀ ਬਿਜਲੀ ਢਾਈ ਤੋਂ ਤਿੰਨ ਰੁਪਏ ਪ੍ਰਤੀ ਯੂਨਿਟ ਉਪਲੱਭਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਵੇਂ ਸੋਲਰ ਪ੍ਰਾਜੈਕਟਾਂ ਨੂੰ ਉਤਸ਼ਾਹਿਤ ਕਰੇ। ਚੇਅਰਮੈਨ ਹੰਸਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਨਵੇਂ ਹਾਲਾਤਾਂ ਵਿੱਚ ‘ਕਿਸਾਨ ਸੋਲਰ ਪਾਵਰ ਸਕੀਮ-2015’ ਨੂੰ ਸਿਰੇ ਚਾੜਨਾ ਚਾਹੀਦਾ ਹੈ। -ਟਨਸ