ਪਟਿਆਲਾ/ਚੰਡੀਗੜ੍ਹ: ਚੜ੍ਹਦੀਕਲਾ ਟਾਈਮ ਟੀ.ਵੀ. ਗਰੁੱਪ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਦੇ ਪੁੱਤਰ ਸਤਬੀਰ ਸਿੰਘ ਦਰਦੀ (42) ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੇ ਸਸਕਾਰ ਮੌਕੇ ਪੱਤਰਕਾਰ ਭਾਈਚਾਰੇ ਸਮੇਤ ਹੋਰ ਵੱਖ-ਵੱਖ ਸ਼ਖਸੀਅਤਾਂ ਨੇ ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮ੍ਰਿਤਕ ਦੇਹ ’ਤੇ ਫੁੱਲ ਮਾਲਾ ਭੇਟ ਕੀਤੀ। ਸੰਸਦ ਮੈਂਬਰ ਪ੍ਰਨੀਤ ਕੌਰ ਨੇ ਵੀ ਦੋਸ਼ਾਲਾ ਭੇਟ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੋਕ ਸੰਦੇਸ਼ ਵਿਚ ਜਗਜੀਤ ਸਿੰਘ ਦਰਦੀ ਨਾਲ ਪੁੱਤਰ ਦੀ ਮੌਤ ਹੋਣ ’ਤੇ ਦੁੱਖ ਸਾਂਝਾ ਕੀਤਾ। ਮੁੱਖ ਮੰਤਰੀ ਨੇ ਦੁੱਖ ਦੀ ਘੜੀ ਵਿੱਚ ਇਹ ਅਸਹਿ ਅਤੇ ਅਕਹਿ ਘਾਟਾ ਸਹਿਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਵਿਜੈ ਇੰਦਰ ਸਿੰਗਲਾ ਨੇ ਘਰ ਜਾ ਕੇ ਦਰਦੀ ਪਰਿਵਾਰ ਨਾਲ ਦੁੱਖ ਵੰਡਾਇਆ। ਸਤਬੀਰ ਸਿੰਘ ਦਰਦੀ ਨਮਿਤ ਅੰਤਿਮ ਅਰਦਾਸ 20 ਫਰਵਰੀ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਪਾਤਸ਼ਹੀ ਨੌਵੀਂ ਪਟਿਆਲਾ ਵਿੱਚ ਹੋਵੇਗੀ। -ਖੇਤਰੀ ਪ੍ਰਤੀਨਿਧ/ਟਨਸ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਜਗਜੀਤ ਸਿੰਘ ਦਰਦੀ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। -ਪੱਤਰ ਪ੍ਰੇਰਕ