ਬੀ.ਐਸ. ਚਾਨਾ
ਸ੍ਰੀ ਆਨੰਦਪੁਰ ਸਾਹਿਬ, 7 ਨਵੰਬਰ
ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਆਰੰਭ ਕੀਤੀ ਗਈ ‘ਘਰਿ ਘਰਿ ਅੰਦਰਿ ਧਰਮਸਾਲ’ ਲਹਿਰ ਤਹਿਤ ਦੋਆਬਾ ਜ਼ੋਨ ਦਾ ਗੁਰਮਤਿ ਸਮਾਗਮ ਅੱਜ ਖਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਕੇਸਗੜ੍ਹ ਸਾਹਿਬ ਵਿੱਚ ਕਰਵਾਇਆ ਗਿਆ। ਇਸ ਦੌਰਾਨ ਤਖ਼ਤ ਸਾਹਿਬ ਵਿੱਚ ਵਿਸ਼ੇਸ਼ ਅੰਮ੍ਰਿਤ ਸੰਚਾਰ ਸਮਾਗਮ ਦੌਰਾਨ ਲਗਪਗ 500 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਇਸ ਮੌਕੇ ਪੰਜ ਪਿਆਰਿਆਂ ਦੀ ਸੇਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਪਰਨਾਮ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੰਜ ਪਿਆਰਾ ਭਾਈ ਮੁਖਤਿਆਰ ਸਿੰਘ ਨੇ ਨਿਭਾਈ। ਇਸ ਮਗਰੋਂ ਦੀਵਾਨ ਸਜਾਏ ਗਏ ਤੇ ਸੰਗਤ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਅੰਮ੍ਰਿਤਪਾਨ ਕਰਨ ਵਾਲੀ ਸੰਗਤ ਨੂੰ ਵਧਾਈ ਦਿੰਦਿਆਂ ਸਮੁੱਚੀ ਕੌਮ ਨੂੰ ਅੰਮ੍ਰਿਤਧਾਰੀ ਬਣਨ ਦੀ ਅਪੀਲ ਕੀਤੀ। ਉਨ੍ਹਾਂ ਪੰਜ ਪਿਆਰਿਆਂ ਤੇ ਹੋਰ ਸ਼ਖ਼ਸੀਅਤਾਂ ਨੂੰ ਸਿਰੋਪਾਓ ਵੀ ਦਿੱਤੇ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਮਲਜੀਤ ਸਿੰਘ, ਤਾਜੇਸ਼ਵਰ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਤੇ ਬੀਬੀ ਰਾਜਵੰਤ ਕੌਰ ਅਤੇ ਗਿਆਨੀ ਹਰਜੋਤ ਸਿੰਘ ਦੇ ਢਾਡੀ ਜਥੇ ਨੇ ਗੁਰ ਇਤਿਹਾਸ ਸੁਣਾਇਆ। ਗਿਆਨੀ ਰਘਬੀਰ ਸਿੰਘ ਨੇ ਅਖੀਰ ਵਿੱਚ ਅੰਮ੍ਰਿਤ ਛਕਣ ਵਾਲੀ ਤੇ ਸ਼ਾਮਲ ਹੋਈ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।