ਰਵੇਲ ਸਿੰਘ ਭਿੰਡਰ
ਪਟਿਆਲਾ, 1 ਮਾਰਚ
ਸ਼੍ਰੋਮਣੀ ਅਕਾਲੀ ਦਲ ‘ਬਾਦਲ’ ਤੇ ਬਸਪਾ ਦਰਮਿਆਨ ਆਗਾਮੀ ਵਿਧਾਨ ਸਭਾ 2022 ਚੋਣ ਪਿੜ ਸਾਂਝੇ ਗੱਠਜੋੜ ਜਰੀਏ ਲੜਣ ਲਈ ਸਮਝੌਤਾ ਆਖਰੀ ਪੜਾਅ ’ਤੇ ਦੱਸਿਆ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਦੋਵੇਂ ਧਿਰਾਂ ਸੀਟਾਂ ਦੀ ਵੰਡ ਲਈ ਰਣਨੀਤੀ ਦੇ ਅੰਤਿਮ ਪੜਾਅ ’ਤੇ ਹਨ ਪਰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਜਿਹੇ ਗੱਠਜੋੜ ਨੂੰ ਤਾਰਪੀਡੋ ਕਰਨ ਦੇ ਰੌਂਅ ਵਿੱਚ ਹੈ। ਇਸੇ ਇਰਾਦੇ ਤਹਿਤ ਕੇਂਦਰੀ ਹਕੂਮਤ ਨੇ ਬਸਪਾ ’ਤੇ ਕਥਿਤ ਦਬਾਅ ਬਣਾਉਣਾ ਆਰੰਭ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਦਿਨ-ਬ-ਦਿਨ ਪੰਜਾਬ ਅੰਦਰ ਭਾਜਪਾ ਖ਼ਿਲਾਫ਼ ਕੀਤੇ ਜਾ ਰਹੇ ਪ੍ਰਚਾਰ ਤੋਂ ਔਖੀ ਹੈ। ਅਕਾਲੀ ਦਲ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਅਪਣਾਏ ਰਵੱਈਏ ਤੋਂ ਵੀ ਮੋਦੀ ਸਰਕਾਰ ਖਫ਼ਾ ਹੈ। ਅਜਿਹੇ ’ਚ ਭਾਜਪਾ ਪੰਜਾਬ ਅੰਦਰ 2022 ਦੀ ਪਾਰੀ ਲਈ ਤਿਆਰੀ ਸਬੰਧੀ ਅੰਦਰੂਨੀ ਰਣਨੀਤੀ ਵਜੋਂ ਅਕਾਲੀ ਦਲ ਨੂੰ ਵੀ ਵੱਡਾ ਸਿਆਸੀ ਦੁਸ਼ਮਣ ਮੰਨਣ ਲੱਗੀ ਹੈ।
ਸਿਆਸੀ ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਕਾਲੀ ਦਲ ਬਸਪਾ ਗੱਠਜੋੜ ਨੂੰ ਰੋਕਣ ਲਈ ਅੰਦਰਖਾਤੇ ਚਾਰਾਜੋਈ ’ਚ ਹੈ। ਸੂਤਰਾਂ ਅਨੁਸਾਰ ਭਾਵੇਂ ਇਸ ਗੱਠਜੋੜ ਦੀ ਰਣਨੀਤੀ ਵਜੋਂ ਬਸਪਾ ਮੁਖੀ ਕੁਮਾਰੀ ਮਾਇਆਵਤੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਮਿਆਨ ਕਥਿਤ ਤੌਰ ’ਤੇ ਇੱਕ ਅਹਿਮ ਬੈਠਕ ਹੋ ਚੁੱਕੀ ਹੈ ਤੇ ਸਮਝੌਤਾ ਇਨੀਂ ਦਿਨੀਂ ਆਖਰੀ ਪੜਾਅ ’ਤੇ ਹੈ ਪਰ ਹੁਕਮਰਾਨ ਧਿਰ ਗੱਠਜੋੜ ਨੂੰ ਰੋਕਣ ਲਈ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ’ਤੇ ਸਿਆਸੀ ਪੱਧਰ ਦਾ ਦਬਾਅ ਬਣਾਉਣ ਲੱਗੀ ਹੈ। ਸੂਤਰ ਦੱਸਦੇ ਹਨ ਕਿ ਬਦਲਦੇ ਸਮੀਕਰਨ ਵਿੱਚ ਹੁਣ ਭਾਜਪਾ ਤੇ ਅਕਾਲੀ ਦਲ ਦਰਮਿਆਨ ਡੂੰਘੀਆਂ ਸਿਆਸੀ ਲਕੀਰਾਂ ਖਿੱਚੀਆਂ ਜਾ ਚੁੱਕੀਆਂ ਹਨ। ਅਜਿਹੇ ਵਿੱਚ ਭਾਜਪਾ ਸਿਆਸੀ ਲਿਹਾਜ਼ ਤੋਂ ਅਕਾਲੀ ਦਲ ਨੂੰ ਕਿਨਾਰੇ ਲਾਉਣ ਦੀ ਤਿਆਰੀ ’ਚ ਹੈ। ਜੇਕਰ ਬਸਪਾ ਅਕਾਲੀ ਦਲ ਗੱਠਜੋੜ ਸਿਰੇ ਚੜ੍ਹਦਾ ਹੈ ਤਾਂ ਇਸ ਨਾਲ ਪਹਿਲਾਂ ਹੀ ਸੂਬੇ ਅੰਦਰ ਲੜਖੜਾਈ ਹੋਈ ਭਾਜਪਾ ਹੋਰ ਵੀ ਪਿੱਛੇ ਧੱਕੀ ਜਾ ਸਕਦੀ ਹੈ।