ਸ਼ਗਨ ਕਟਾਰੀਆ/ਪ੍ਰਭ ਦਿਆਲ
ਬਠਿੰਡਾ/ਸਿਰਸਾ, 21 ਜੁਲਾਈ
ਸੰਯੁਕਤ ਕਿਸਾਨ ਮੋਰਚਾ ਪੰਜਾਬ (ਗ਼ੈਰ ਰਾਜਨੀਤਕ) ਵਿੱਚ ਸ਼ਾਮਲ ਧਿਰਾਂ ਦੀ ਅੱਜ ਇੱਥੇ ਕੇਂਦਰ ਵੱਲੋਂ ਐੱਮਐੱਸਪੀ ਬਾਰੇ ਬਣਾਈ ਗਈ ਕਮੇਟੀ ਅਤੇ ਕਿਸਾਨ ਮੰਗਾਂ ਦੀ ਪੂਰਤੀ ਸਬੰਧੀ ਮੀਟਿੰਗ ਹੋਈ। ਮੀਟਿੰਗ ਮਗਰੋਂ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਆਗੂਆਂ ਨੇ ਕੇਂਦਰ ਸਰਕਾਰ ’ਤੇ ਐੱਮਐੱਸਪੀ ਸਬੰਧੀ ਫ਼ਰਜ਼ੀ ਕਮੇਟੀ ਬਣਾਏ ਜਾਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਐੱਮਐੱਸਪੀ ਗਾਰੰਟੀ ਕਾਨੂੰਨ ਬਣਾਉਣ ਲਈ ਸੰਜੀਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਐੱਮਐੱਸਪੀ ਕਿਸਾਨਾਂ ਦਾ ਕਾਨੂੰਨੀ ਹੱਕ ਹੈ ਤੇ ਮੋਰਚੇ ਦਾ ਕੋਈ ਆਗੂ ਇਸ ਕਮੇਟੀ ਵਿੱਚ ਸ਼ਾਮਲ ਨਹੀਂ ਹੋਵੇਗਾ। ਇਸ ਮੀਟਿੰਗ ਵਿੱਚ ਬੀਕੇਯੂ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ, ਕਿਸਾਨ ਸੰਘਰਸ਼ ਕਮੇਟੀ (ਕੋਟਬੁੱਢਾ) ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ, ਲੋਕ ਭਲਾਈ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਕਿਸਾਨ ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਡੱਫਰ ਤੇ ਹੋਰ ਕਈ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ।
ਉਨ੍ਹਾਂ ਕਿਹਾ ਕਿ ਦਿੱਲੀ ਅੰਦੋਲਨ ਵੇਲੇ ਐੱਮਐੱਸਪੀ ਗਾਰੰਟੀ ਕਾਨੂੰਨ ਬਾਰੇ ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ ਸਹਿਮਤੀ ਬਣੀ ਸੀ, ਪਰ ਹੁਣ ਸਰਕਾਰ ਆਪਣੀ ਗੱਲ ਤੋਂ ਪਿਛੇ ਹੱਟ ਰਹੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ (ਭਾਰਤ) ਹੁਣ ਤੱਕ ਕੇਂਦਰ ਸਰਕਾਰ ਤੋਂ ਕਮੇਟੀ ਦੀ ਬਣਤਰ ਅਤੇ ਕਮੇਟੀ ਦੇ ਏਜੰਡਿਆਂ ਬਾਰੇ ਜਾਣਕਾਰੀ ਦੀ ਮੰਗ ਕਰ ਰਿਹਾ ਸੀ, ਪਰ ਕੇਂਦਰ ਨੇ ਚੁੱਪ-ਚੁਪੀਤੇ 18 ਜੁਲਾਈ ਨੂੰ ਕਮੇਟੀ ਦੇ ਗਠਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ 378 ਦਿਨ ਅੰਦੋਲਨ ਕੀਤਾ ਤੇ ਇਸ ਦੌਰਾਨ 734 ਕਿਸਾਨ ਸ਼ਹੀਦ ਹੋਏ, ਪਰ ਅੰਦੋਲਨ ਦਾ ਵਿਰੋਧ ਕਰਨ ਵਾਲੇ ਪੰਜ ਅਖੌਤੀ ਕਿਸਾਨ ਆਗੂਆਂ ਨੂੰ ਕੇਂਦਰ ਵੱਲੋਂ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਮੇਟੀ ਦੇ ਨਾਮਜ਼ਦ ਕੀਤੇ ਚੇਅਰਮੈਨ ਸਣੇ ਸਾਰੇ ਮੈਂਬਰ ਭਾਜਪਾ ਜਾਂ ਆਰਐੱਸਐੱਸ ਨਾਲ ਸਬੰਧਤ ਹਨ, ਜਿਨ੍ਹਾਂ ਤੋਂ ਕਿਸਾਨਾਂ ਦੇ ਭਲੇ ਦੀ ਆਸ ਉੱਕਾ ਹੀ ਨਹੀਂ ਕੀਤੀ ਜਾ ਸਕਦੀ। ਆਗੂਆਂ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਸਰਕਾਰ ਦੀ ਤਿੰਨੇ ਕਾਨੂੰਨਾਂ ਮੁੜ ਲਿਆਉਣ ਦੀ ਮਨਸ਼ਾ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਡਾ. ਸਵਾਮੀਨਾਥਨ ਕਮਿਸ਼ਨ ਦੇ 2+50 ਫੀਸਦ ਫਾਰਮੂਲੇ ਦੇ ਅਨੁਸਾਰ ਐੱਮਐੱਸਪੀ ਦੀ ਗਾਰੰਟੀ ਕਾਨੂੰਨ ਬਣਾਉਣ, ਲਖੀਮਪੁਰ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣ, ਜੇਲ੍ਹਾਂ ’ਚ ਬੰਦ ਬੇਦੋਸ਼ੇ ਕਿਸਾਨਾਂ ਨੂੰ ਬਾਹਰ ਕੱਢਣ, ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖ਼ਾਸਤ ਕਰ ਕੇ ਜੇਲ੍ਹ ’ਚ ਡੱਕਣ, ਕਿਸਾਨਾਂ ’ਤੇ ਦਰਜ ਪਰਚੇ ਰੱਦ ਕਰਨ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਕਰਨ, ਭਾਰਤ ਨੂੰ ਡਬਲਯੂਟੀਓ ’ਚੋਂ ਬਾਹਰ ਕੱਢਣ ਤੇ ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ ਕਰਨ ਵਰਗੀਆਂ ਮੰਗਾਂ ਬਾਰੇ ਸੰਯੁਕਤ ਕਿਸਾਨ ਮੋਰਚੇ ਵੱਲੋਂ 22 ਅਗਸਤ ਨੂੰ ਦਿੱਲੀ ਸਥਿਤ ਜੰਤਰ ਮੰਤਰ ’ਤੇ ਮੁਜ਼ਾਹਰਾ ਕੀਤਾ ਜਾਵੇਗਾ ਤੇ ਮੋਰਚੇ ਵਿੱਚ ਸ਼ਾਮਲ ਪੰਜਾਬ ਅਤੇ ਹਰਿਆਣੇ ਦੀਆਂ ਗ਼ੈਰ ਸਿਆਸੀ ਧਿਰਾਂ 31 ਜੁਲਾਈ ਨੂੰ ਸੁਨਾਮ ’ਚ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣਗੀਆਂ।