ਰਮਨਦੀਪ ਸਿੰਘ
ਚਾਉਕੇ, 4 ਜਨਵਰੀ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਕਾਈ ਮੰਡੀ ਕਲਾਂ ਵੱਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਪਿੰਡ ਮੰਡੀ ਕਲਾਂ ਨੂੰ ਨਗਰ ਪੰਚਾਇਤ ਤੋਂ ਮੁੜ ਗ੍ਰਾਮ ਪੰਚਾਇਤ ਬਣਵਾਉਣ ਲਈ ਲੜੇ ਸੰਘਰਸ਼ ਦੀ ਜਿੱਤ ਦੀ ਖ਼ੁਸ਼ੀ ਵਿੱਚ ਪਿੰਡ ਦੀ ਅਨਾਜ ਮੰਡੀ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ।
ਇਸ ਦੌਰਾਨ ਬੀਕੇਯੂ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਜਪਾ ਅਤੇ ਆਰਐੱਸਐੱਸ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ। ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਕਾਰਨ ਕੇਂਦਰ ਸਰਕਾਰ ਦੇ ਅਕਸ ਨੂੰ ਦਿਨ-ਬ-ਦਿਨ ਢਾਹ ਲੱਗ ਰਹੀ ਸੀ ਜਿਸ ਕਾਰਨ ਕੇਂਦਰ ਸਰਕਾਰ ਨੇ ਪੰਜ ਰਾਜਾਂ ਵਿਚ ਹੋਣ ਵਾਲੀਆ ਚੋਣਾਂ ਵਿੱਚ ਹਾਰ ਦੇ ਡਰੋਂ ਤਿੰਨ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਹੁਣ ਖੁਸ਼ੀ ਨਹੀਂ ਮਨਾਉਣੀ ਨਹੀਂ ਚਾਹੀਦੀ ਸਗੋਂ ਐੱਮਐੱਸਪੀ ਦਾ ਕਾਨੂੰਨ ਬਣਵਾਉਣ ਲਈ ਸਰਕਾਰ ਦੀ ਤਾਕਤ ਦਾ ਅੰਦਾਜ਼ਾ ਲਗਾ ਕੇ ਸਾਰੇ ਰਾਜਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਕਰਨ ਦੀ ਤਿਆਰੀ ਕਰਨੀ ਚਾਹੀਦੀ ਹੈ ਤਾਂ ਜੋ ਬਰਬਾਦੀ ਦੇ ਦਰ ’ਤੇ ਖੜ੍ਹੀ ਕਿਸਾਨੀ ਨੂੰ ਬਚਾਇਆ ਜਾ ਸਕੇ। ਜਥੇਬੰਦੀ ਦੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਕਿਹਾ ਕਿ ਸਰਕਾਰਾਂ ਦੇ ਨਾਲ ਬਹੁਤੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਕਿਸਾਨਾਂ ਦੀ ਮੌਜੂਦਾ ਹਾਲਤ ਲਈ ਜ਼ਿੰਮੇਵਾਰ ਹਨ। ਇਸ ਦੌਰਾਨ 26 ਜਨਵਰੀ ਮੌਕੇ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਨੌਜਵਾਨਾਂ ਦੀਆਂ ਜ਼ਮਾਨਤਾਂ ਕਰਵਾਉਣ ਵਾਲੇ ਵਕੀਲ ਅਮਰਵੀਰ ਸਿੰਘ ਭੁੱਲਰ ਦਾ ਸਨਮਾਨ ਕੀਤਾ ਗਿਆ।