ਪਾਲ ਸਿੰਘ ਨੌਲੀ/ਗੁਰਮੀਤ ਸਿੰਘ ਖੋਸਲਾ
ਜਲੰਧਰ/ਸ਼ਾਹਕੋਟ, 3 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਯਤਨਾਂ ਵਿੱਚ ਲੱਗੀ ਹੋਈ ਹੈ, ਜਿਸ ਵਿੱਚ ਉਸ ਨੂੰ ਕਿਸੇ ਵੀ ਕੀਮਤ ’ਤੇ ਸਫ਼ਲਤਾ ਨਹੀਂ ਮਿਲੇਗੀ। ਉਹ ਅੱਜ ਨਕੋਦਰ ਤੇ ਸ਼ਾਹਕੋਟ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਦੋ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਦੋਆਬੇ ਵਿੱਚ ਅਕਾਲੀ ਦਲ-ਬਸਪਾ ਗੱਠਜੋੜ ਦੇ ਹੱਕ ਵਿੱਚ ਰੈਲੀਆਂ ਕਰ ਰਹੇ ਹਨ।
ਪਾਰਟੀ ਦੇ ਉਮੀਦਵਾਰਾਂ ਗੁਰਪ੍ਰਤਾਪ ਸਿੰਘ ਵਡਾਲਾ ਤੇ ਬਚਿੱਤਰ ਸਿੰਘ ਕੋਹਾੜ ਦੇ ਹੱਕ ਵਿੱਚ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਕਿਉਂਕਿ ਇਹ ਪਾਰਟੀ ਸਦਾ ਭਾਰਤ ਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਮੋਹਰੀ ਰਹੀ ਹੈ। ਸੁਖਬੀਰ ਬਾਦਲ ਨੇ ਇਸ ਮੌਕੇ ਐਲਾਨ ਕੀਤਾ ਕਿ ਜਿਹੜੇ ਨੀਲੇ ਕਾਰਡ ਕਾਂਗਰਸ ਸਰਕਾਰ ਨੇ ਕੱਟ ਦਿੱਤੇ ਹਨ, ਉਹ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਇੱਕ ਮਹੀਨੇ ਦੇ ਅੰਦਰ ਬਹਾਲ ਕੀਤੇ ਜਾਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਿਸਾਨਾਂ ਦੇ ਜ਼ਮੀਨ ਦੇ ਸਾਰੇ ਟੁਕੜਿਆਂ ਦੇ ਇੰਤਕਾਲ ਵੀ ਇੱਕ ਸਾਲ ਦੇ ਅੰਦਰ ਕੀਤੇ ਜਾਣਗੇ। ਜਿਹੜੇ ਕਿਸਾਨਾਂ ਕੋਲ ਟਿਊਬਵੈੱਲ ਕੁਨੈਕਸ਼ਨ ਨਹੀਂ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਕੁਨੈਕਸ਼ਨ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ’ਤੇ ਸਤਲੁਜ ਦਰਿਆ ’ਤੇ ਬੰਨ੍ਹ ਬਣਾਇਆ ਜਾਵੇਗਾ ਅਤੇ ਇਲਾਕੇ ਵਿੱਚ ਸਰਗਰਮ ਨਸ਼ੇ ਦੇ ਤਸਕਰਾਂ ਤੇ ਰੇਤ ਮਾਫੀਆ ਨੂੰ ਖਤਮ ਕੀਤਾ ਜਾਵੇਗਾ।
ਇਸੇ ਦੌਰਾਨ ਮਰਹੂਮ ਜਥੇਦਾਰ ਅਜੀਤ ਸਿੰਘ ਕੋਹਾੜ ਨੂੰ ਯਾਦ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਪੰਜ ਵਾਰ ਸ਼ਾਹਕੋਟ ਤੋਂ ਜਿੱਤ ਪ੍ਰਾਪਤ ਕਰਕੇ ਪਾਰਟੀ ਨੂੰ ਬੇਹੱਦ ਮਜ਼ਬੂਤੀ ਦਿੱਤੀ ਸੀ। ਉਨ੍ਹਾਂ ਕਿਹਾ ਕਿ 2017 ਵਿਚ ਲੋਕਾਂ ਨਾਲ ਝੂਠੇ ਵਾਅਦੇ ਅਤੇ ਫੋਕੇ ਲਾਰਿਆਂ ਨਾਲ ਬਣਨ ਵਾਲੀ ਕਾਂਗਰਸ ਸਰਕਾਰ ਨੇ 5 ਸਾਲਾਂ ਵਿੱਚ ਇਕ ਵੀ ਵਾਅਦਾ ਪੂਰਾ ਨਾ ਕਰਕੇ ਨਾਜਾਇਜ਼ ਕਬਜ਼ਿਆਂ, ਝੂਠੇ ਪਰਚੇ ਤੇ ਰੇਤਾ ਵੇਚਣ ਵਾਲਿਆਂ ਦੀ ਸਰਕਾਰ ਬਣਨ ਦਾ ਮਾਣ ਹਾਸਲ ਕਰ ਲਿਆ ਹੈ।
ਨਾਰਾਜ਼ ਅਕਾਲੀ ਵਰਕਰਾਂ ਨੇ ਸ਼ਾਹਕੋਟ ਰੈਲੀ ਤੋਂ ਬਣਾਈ ਦੂਰੀ
ਸ਼ਾਹਕੋਟ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ (ਬ) ਤੇ ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਸਾਂਝੇ ਉਮੀਦਵਾਰ ਬਚਿੱਤਰ ਸਿੰਘ ਕੋਹਾੜ ਦੇ ਹੱਕ ਵਿੱਚ ਕੀਤੀ ਗਈ ਚੋਣ ਰੈਲੀ ਤੋਂ ਨਾਰਾਜ਼ ਅਕਾਲੀ ਵਰਕਰਾਂ ਨੇ ਰੈਲੀ ਤੋਂ ਦੂਰੀ ਬਣਾਈ ਰੱਖੀ। ਜ਼ਿਕਰਯੋਗ ਹੈ ਕਿ ਪਿੰਡ ਢੰਡੋਵਾਲ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਚੱਠਾ, ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਚੱਠਾ, ਮਰਹੂਮ ਜਥੇਦਾਰ ਅਜੀਤ ਸਿੰਘ ਕੋਹਾੜ ਦੇ ਪੀਏ ਰਹੇ ਜਰਨੈਲ ਸਿੰਘ ਬਾਊੁਪੁਰ ਤੇ ਕਈ ਹੋਰ ਵਰਕਰ ਬਚਿੱਤਰ ਸਿੰਘ ਸਿੰਘ ਕੋਹਾੜ ਨੂੰ ਟਿਕਟ ਦਿੱਤੇ ਜਾਣ ਦਾ ਵਿਰੋਧ ਕਰ ਰਹੇ ਹਨ। ਨਾਰਾਜ਼ ਅਕਾਲੀ ਵਰਕਰਾਂ ਨੇ ਵੀਰਵਾਰ ਨੂੰ ਢੰਡੋਵਾਲ ਵਿੱਚ ਮੀਟਿੰਗ ਕਰਕੇ ਹਲਕੇ ਦੀ ਟਿਕਟ ’ਤੇ ਦੁਬਾਰਾ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ ਸੀ ਤੇ ਵੀਰਵਾਰ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਕਈ ਵਰਕਰ ਅੱਜ ਦੀ ਰੈਲੀ ਵਿੱਚ ਸ਼ਾਮਲ ਨਹੀਂ ਹੋਏ।
ਸੁਖਬੀਰ ਵੱਲੋਂ ਕਿੱਲੀ ਚਾਹਲਾਂ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ
ਮੋਗਾ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ 100ਵੇਂ ਸਥਾਪਨਾ ਦਿਵਸ ਮੌਕੇ ਪਿੰਡ ਕਿੱਲੀ ਚਾਹਲਾਂ ਵਿੱਚ 14 ਦਸੰਬਰ ਨੂੰ ਹੋਣ ਵਾਲੀ ਸਿਆਸੀ ਰੈਲੀ ਦੀਆਂ ਤਿਆਰੀਆਂ ਦਾ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਾਇਜ਼ਾ ਲਿਆ। ਇਸ ਮੌਕੇ ਸੁਖਬੀਰ ਬਾਦਲ ਨੇ ਚਾਰ ਜ਼ਿਲ੍ਹਿਆਂ ਦੇ 29 ਵਿਧਾਨ ਸਭਾ ਹਲਕਿਆਂ ਤੋਂ ਹਲਕਾ ਇੰਚਾਰਜਾਂ, ਡੈਲੀਗੇਟਾਂ, ਜ਼ਿਲ੍ਹਾ ਪ੍ਰਧਾਨਾਂ ਤੇ ਵਰਕਰਾਂ ਨੂੰ ਕਮਰਕੱਸੇ ਕਰ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਵਰਕਰਾਂ ਨੂੰ ਇਸ ਰੈਲੀ ਵਿੱਚ 5 ਲੱਖ ਦਾ ਇਕੱਠ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਪੂਰੇ ਦੁਆਬੇ ’ਚ ਅਕਾਲੀ-ਬਸਪਾ ਗੱਠਜੋੜ ਦੀ ਚੜ੍ਹਤ ਹੈ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੀ ਸਰਕਾਰ ਬਣੇਗੀ। ਉਨ੍ਹਾਂ ਪਾਰਟੀ ਵੱਲੋਂ 1996 ’ਚ ਪਾਰਟੀ ਦੀ 75ਵੀਂ ਵਰ੍ਹੇਗੰਢ, 2006 ਤੇ ਸਾਲ 2011 ਦੀਆਂ ਵੱਡੀਆਂ ਰੈਲੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਰਟੀ ਨੇ ਜਦੋਂ ਵੀ ਜ਼ਿਲ੍ਹਾ ਮੋਗਾ ਦੀ ਧਰਤੀ ਤੋਂ ਚੋਣ ਜੰਗ ਦੀ ਸ਼ੁਰੂਆਤ ਕੀਤੀ ਹੈ ਤਾਂ ਉਨ੍ਹਾਂ ਨੂੰ ਸਫ਼ਲਤਾ ਮਿਲੀ ਹੈ।