ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਮਾਰਚ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਪ੍ਰੋਗਰਾਮ ਵਿੱਚ ਹਰ ਤਬਕੇ ਦੇ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦੇ ਦਿੱਲੀ ਦੀਆਂ ਬਰੂਹਾਂ ’ਤੇ ਚਾਰ ਮਹੀਨੇ ਪੂਰੇ ਹੋਣ ’ਤੇ ਸੰਯੁਕਤ ਕਿਸਾਨ ਮੋਰਚਾ ਨੇ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ, ਜਿਸ ਦੀ ਦੇਸ਼ ਭਰ ਦੀ ਕਿਸਾਨ, ਮਜ਼ਦੂਰ, ਦਲਿਤ, ਮੁਲਾਜ਼ਮ, ਵਪਾਰ ਯੂਨੀਅਨਾਂ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਕਈ ਪੈਂਤੜੇ ਖੇਡ ਕੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਕੀਤੀਆਂ, ਜਦੋਂ ਉਹ ਕਾਮਯਾਬ ਨਾ ਹੋ ਸਕੇ ਤਾਂ ਮੁੜ ਕਰੋਨਾਵਾਇਰਸ ਦੇ ਨਾਮ ’ਤੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਪੰਜਾਬ ਸਰਕਾਰ ਵੀ ਗਲਤ ਫ਼ੈਸਲੇ ਲੈ ਰਹੀ ਹੈ।
ਰੁਲਦੂ ਸਿੰਘ ਨੇ ਕਿਹਾ ਕਿ ਸਿਆਸੀ ਪਾਰਟੀਆਂ ਕਿਸਾਨੀ ਸੰਘਰਸ਼ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਕਿਸਾਨ ਜਥੇਬੰਦੀਆਂ ਨਾ ਕੈਪਟਨ ਅਮਰਿੰਦਰ ਸਿੰਘ, ਨਾ ਸੁਖਬੀਰ ਬਾਦਲ ਅਤੇ ਨਾ ਹੀ ਕੇਜਰੀਵਾਲ ਨੂੰ ਆਪਣਾ ਮੰਨਦੀਆਂ ਹਨ, ਉਹ ਆਮ ਲੋਕਾਂ ਦੇ ਹੱਕਾਂ ਲਈ ਲੜਾਈ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਵਿੱਚ ਕਾਬਜ਼ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਖੁੱਲ੍ਹੇਆਮ ਕੀਤਾ ਜਾ ਰਿਹਾ ਹੈ, ਜੋ ਅੱਗੇ ਵੀ ਜਾਰੀ ਰਹੇਗਾ। ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੇ ਦਾਇਰੇ ਨੂੰ ਹੋਰ ਵਿਸ਼ਾਲ ਕਰਨ ਲਈ ਵੱਖ-ਵੱਖ ਸੂਬਿਆਂ ਵਿੱਚ ਕਿਸਾਨ ਮਹਾਪੰਚਾਇਤਾਂ ਰਾਹੀ ਲੋਕਾਂ ਨੂੰ ਕੇਂਦਰ ਦੀ ਲੋਕ ਵਿਰੋਧੀ ਨੀਤੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਫ਼ਸਲ ਦੀ ਐੱਮਐੱਸਪੀ ’ਤੇ ਖਰੀਦ ਨਾ ਕੀਤੀ ਤਾਂ ਕਣਕ ਦੀਆਂ ਟਰਾਲੀਆਂ ਦਿੱਲੀ ਲਿਜਾਈਆਂ ਜਾਣਗੀਆਂ।
ਮੁਲਾਜ਼ਮ ਸੰਘਰਸ਼ ਦੀ ਹਮਾਇਤ
ਪਟਿਆਲਾ (ਖੇਤਰੀ ਪ੍ਰਤੀਨਿਧ): ਮੁਲਾਜ਼ਮਾਂ ਮੰਗਾਂ ਨਜ਼ਰਅੰਦਾਜ਼ ਕਰਨ ’ਤੇ ਪੰਜਾਬ ਸਰਕਾਰ ਖ਼ਿਲਾਫ਼ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਅਗਵਾਈ ਹੇਠ ਕਲੈਰੀਕਲ ਮੁਲਾਜ਼ਮਾਂ ਵੱਲੋਂ ਪੰਜਾਬ ਭਰ ਵਿੱਚ ਗੇਟ ਰੈਲੀਆਂ ਕੀਤੀਆਂ ਗਈਆਂ। ਇੱਥੇ ਜਲ ਸਰੋਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਗੇਟ ਰੈਲੀ ਵਿੱਚ ਸ਼ਾਮਲ ਹੁੰਦਿਆਂ ਕਿਸਾਨ ਆਗੂ ਰੁਲਦੂ ਸਿੰਘ ਨੇ ਮੁਲਾਜ਼ਮਾਂ ਦੇ ਸੰਘਰਸ਼ ਦਾ ਸਮਰਥਨ ਕੀਤਾ। ਕਿਸਾਨ ਆਗੂ ਨੇ ਕਿਹਾ ਕਿ ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਕਿਸਾਨ ਵੀ ਮੁਲਾਜ਼ਮਾਂ ਦੇ ਨਾਲ ਧਰਨਿਆਂ ’ਤੇ ਬੈਠਣ ਲਈ ਤਿਆਰ ਹਨ। ਮਨਿਸਟਰੀਅਲ ਸਟਾਫ਼ ਜਲ ਸਰੋਤ ਵਿਭਾਗ ਦੇ ਸੂਬਾਈ ਜਨਰਲ ਸਕੱਤਰ ਬਚਿੱਤਰ ਸਿੰਘ ਨੇ ਦੱਸਿਆ ਕਿ ਅਗਲੇ ਸੰਘਰਸ਼ ਵਜੋਂ ਮੁਲਾਜ਼ਮ 6 ਅਪਰੈਲ ਨੂੰ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ।