ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਨਵੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਲਈ ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਵਿਚ ਰੋਕ ਕੇ ਉਨ੍ਹਾਂ ’ਤੇ ਤਸ਼ੱਦਦ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਅਤੇ ਖੇਤੀ ਮੰਤਰੀ ਨੂੰ ਮਿਲ ਕੇ ਕਿਸਾਨਾਂ ਦੇ ਹੱਕ ਵਿਚ ਦਬਾਅ ਬਣਾਉਣ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਸਮੁੱਚੀ ਸਥਿਤੀ ’ਤੇ ਵਿਚਾਰ ਕਰਨ ਲਈ ਪਾਰਟੀ ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ 28 ਨਵੰਬਰ ਨੂੰ ਸੱਦੀ ਹੈ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਦੋਸ਼ ਲਾਇਆ ਕਿ ਅੱਜ ਸੰਵਿਧਾਨ ਦਿਵਸ ਮੌਕੇ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਧੱਕੇਸ਼ਾਹੀ ਕਰਕੇ ਸੰਵਿਧਾਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀ ਗਈ ਕਾਰਵਾਈ ਨੇ 1982 ਵਿਚ ਹੋਈ ਧੱਕੇਸ਼ਾਹੀ ਦੀ ਯਾਦ ਕਰਵਾ ਦਿੱਤੀ ਹੈ। ਉਸ ਵੇਲੇ ਕੇਂਦਰ ਦੀ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਹਰਿਆਣੇ ਦੀ ਭਜਨ ਲਾਲ ਸਰਕਾਰ ਨੇ ਪੰਜਾਬੀਆਂ ਨਾਲ ਧੱਕਾ ਕੀਤਾ ਸੀ ਅਤੇ ਅੱਜ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਖੱਟਰ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਨਾਲ ਇਸ ਤਰ੍ਹਾਂ ਪੇਸ਼ ਆ ਰਹੀ ਹੈ ਜਿਵੇਂ ਇਹ ਦੇਸ਼ ਦਾ ਹਿੱਸਾ ਹੀ ਨਾ ਹੋਵੇ। ਉਨ੍ਹਾਂ ਕਿਹਾ ਕਿ ਇਹ ਬਹੁਤ ਦੀ ਦੁਖਦਾਈ ਗੱਲ ਹੈ ਕਿ ਜੋ 1982 ਵਿਚ ਹੋਇਆ ਉਹੀ ਦੁਹਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਹਰ ਸੰਭਵ ਮਦਦ ਕਰੇਗਾ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੇ ਮੁੱਖ ਮੰਤਰੀ ਦੀ ਕਿਸਾਨ ਸੰਘਰਸ਼ ਦੌਰਾਨ ਦੋਗਲੀ ਭੂਮਿਕਾ ਰਹੀ ਹੈ। ਉਹ ਸੂਬੇ ਦੇ ਕਿਸਾਨਾਂ ਤੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਵਿਚ ਅਸਫ਼ਲ ਰਹੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਮੁੜ ਅਪੀਲ ਕੀਤੀ ਕਿ ਸੰਘਰਸ਼ ਕਰ ਰਹੇ ਕਿਸਾਨਾਂ ਦੀ ਲੋੜੀਂਦੀ ਹਰ ਮਦਦ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਨਾਲ ਡਾ. ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ, ਵਿਰਸਾ ਸਿੰਘ ਵਲਟੋਹਾ ਅਤੇ ਹੋਰ ਆਗੂ ਹਾਜ਼ਰ ਸਨ।
ਪੰਜਾਬ ਲਈ ਅੱਜ 26/11: ਸੁਖਬੀਰ ਬਾਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ਦਾ ਰਾਹ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਕੀਤੇ ਯਤਨਾਂ ਨੂੰ ‘ਪੰਜਾਬ ਲਈ 26/11’ ਕਰਾਰ ਦਿੱਤਾ ਹੈ। ਉਧਰ ਬਠਿੰਡਾ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਖੱਟਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਸਾਨਾਂ ਦੇ ਹਰਿਆਣਾ ਵਿੱਚ ਦਾਖਲੇ ’ਤੇ ਲਾਈ ਰੋਕ ਨੂੰ ‘ਜਮਹੂਰੀਅਤ ਦਾ ਕਤਲ’ ਦੱਸਿਆ ਹੈ। ਸੁਖਬੀਰ ਬਾਦਲ ਨੇ ਇਕ ਟਵੀਟ ’ਚ ਕਿਹਾ, ‘ਅੱਜ ਦਾ ਦਿਨ ਪੰਜਾਬ ਲਈ 26/11 ਹੈ। ਅਸੀਂ ਰੋਸ ਜਤਾਉਣ ਦੇ ਜਮਹੂਰੀ ਹੱਕ ਨੂੰ ਆਪਣੀਆਂ ਅੱਖਾਂ ਮੂਹਰੇ ਖ਼ਤਮ ਹੁੰਦਿਆਂ ਵੇਖ ਰਹੇ ਹਾਂ। ਅਕਾਲੀ ਦਲ, ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਦਬਾਉਣ ਲਈ ਹਰਿਆਣਾ ਸਰਕਾਰ ਤੇ ਕੇਂਦਰ ਦੀ ਨਿਖੇਧੀ ਕਰਦਾ ਹੈ।’ ਉਧਰ ਹਰਸਿਮਰਤ ਨੇ ਕਿਹਾ ਕਿ ਸੰਵਿਧਾਨ ਦਿਹਾੜੇ ਮੌਕੇ ਕਿਸਾਨਾਂ ਖ਼ਿਲਾਫ਼ ਜ਼ੋਰ ਜਬਰ ਦੀ ਵਰਤੋਂ ਨੇ ਅੰਨਦਾਤੇ ਲਈ ਅੱਜ ਦੇ ਦਿਨ ਨੂੰ ‘ਕਾਲੇ ਦਿਨ’ ਵਿੱਚ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਕਿਹਾ, ‘ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ ਨਾਲ ‘ਸਰਕਾਰ ਦੇ ਦੁਸ਼ਮਣਾਂ’ ਵਾਲਾ ਵਿਹਾਰ ਕਰ ਰਹੀ ਹੈ। ਪੰਜਾਬੀਆਂ ਨਾਲ ਠੀਕ ਇਸੇ ਤਰ੍ਹਾਂ ਦਾ ਵਿਹਾਰ ਏਸ਼ਿਆਈ ਖੇਡਾਂ ਮੌਕੇ ਵੀ ਕੀਤਾ ਗਿਆ ਸੀ, ਜਦੋਂ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਡੱਕਿਆ ਗਿਆ ਸੀ। ਅਸੀਂ ਬੀਤੇ ’ਚ ਵੇਖਿਆ ਹੈ ਕਿ ਅਜਿਹੀਆਂ ਜਾਬਰ ਜੁਗਤਾਂ ਦੇ ਖ਼ਤਰਨਾਕ ਸਿੱਟੇ ਨਿਕਲਦੇ ਹਨ।’ -ਪੀਟੀਆਈ