ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ 31 ਮਾਰਚ
ਇਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਵੱਲੋਂ ‘ਅਣਐਲੋਕੇਟਿਡ ਪੂਲ’ ਵਿੱਚੋਂ ਪੰਜਾਬ ਨੂੰ ਮਿਲਣ ਵਾਲੀ ਬਿਜਲੀ ਹਰਿਆਣਾ ਨੂੰ ਦੇਣਾ ਕੇਂਦਰ ਸਰਕਾਰ ਵੱਲੋਂ ਧੱਕੇਸ਼ਾਹੀ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਥਰਮਲਾਂ ਵਿੱਚ ਕੋਲੇ ਦੀ ਵੱਡੀ ਕਿੱਲਤ ਕਾਰਨ ਸੂਬੇ ਅੰਦਰ ਬਿਜਲੀ ਸੰਕਟ ਬਣਦਾ ਨਜ਼ਰ ਆ ਰਿਹਾ ਹੈ, ਪ੍ਰੰਤੂ ਅਜਿਹੇ ਸਮੇਂ ਕੇਂਦਰ ਵੱਲੋਂ ਹੱਥ ਪਿਛਾਂਹ ਖਿੱਚਣਾ ਹੋਰ ਵੀ ਮੰਦਭਾਗਾ ਵਤੀਰਾ ਹੈ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਪੰਜਾਬ ਪ੍ਰਤੀ ਬੇਰੁਖ਼ੀ ਵਾਲਾ ਵਤੀਰਾ ਬੰਦ ਕਰ ਕੇ ਸੂਬੇ ਨੂੰ ‘ਪੂਲ’ ’ਚੋਂ ਬਣਦਾ ਬਿਜਲੀ ਹਿੱਸਾ ਤੁਰੰਤ ਅਲਾਟ ਕਰੇ। ਉਨ੍ਹਾਂ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਪੰਜਾਬ ਸਰਵਿਸ ਰੂਲਜ਼ ’ਚੋਂ ਕੱਢਣ ਦੇ ਫ਼ੈਸਲੇ ਅਤੇ ਬੀਬੀਐੱਮਬੀ ਨਿਯਮਾਂ ਵਿੱਚ ਕੀਤੇ ਗਏ ਬਦਲਾਅ ਨੂੰ ਦੇਸ਼ ਦੇ ਸੰਘੀ ਢਾਚੇ ’ਤੇ ਹਮਲਾ ਕਰਾਰ ਦਿੱਤਾ।