ਦਰਸ਼ਨ ਸਿੰਘ ਸੋਢੀ
ਮੁਹਾਲੀ, 13 ਮਈ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਚੱਪੜਚਿੜੀ ਦੇ ਖੇਤਰ ਨੂੰ ਨਗਰ ਨਿਗਮ ਅਧੀਨ ਲਿਆ ਕੇ ਇਸ ਦਾ ਬਹੁਪੱਖੀ ਵਿਕਾਸ ਕਰਵਾਇਆ ਜਾਵੇਗਾ। ਸ੍ਰੀ ਸਿੱਧੂ ਨੇ ਇਹ ਐਲਾਨ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਚੱਪੜਚਿੜੀ ਵਿਖੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਕੀਦਤ ਭੇਟ ਕਰਨ ਮੌਕੇ ਕੀਤਾ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫ਼ਾਊਂਡੇਸ਼ਨ ਵੱਲੋਂ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ ਤੇ ਸਨਮਾਨ ਦੇਣ ਦੀ ਰਸਮ ਫ਼ਾਊਂਡੇਸ਼ਨ ਦੇ ਪ੍ਰਧਾਨ ਤੇ ਚੇਅਰਮੈਨ ਪੰਜਾਬ ਸਟੇਟ ਇੰਨ ਡਿਵੈਲਪਮੈਂਟ ਕਾਰਪੋਰੇਸ਼ਨ ਕ੍ਰਿਸ਼ਨ ਕੁਮਾਰ ਬਾਵਾ ਨੇ ਨਿਭਾਈ। ਇਸ ਦੌਰਾਨ ਮੀਡੀਆ ਵੱਲੋਂ ਖ਼ਰਾਬ ਵੈਂਟੀਲੇਟਰਾਂ ਮਾਮਲੇ ਸਬੰਧੀ ਸਿਹਤ ਮੰਤਰੀ ਨੇ ਕਿਹਾ ਕਿ ਇਹ ਵੈਂਟੀਲੇਟਰ ਕੇਂਦਰ ਸਰਕਾਰ ਵੱਲੋਂ ਸਪਲਾਈ ਕੀਤੇ ਗਏ ਹਨ ਤੇ ਇਸ ਸਬੰਧੀ ਪੜਤਾਲ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਅਜਿਹੇ ਵੈਂਟੀਲੇਟਰ ਸਪਲਾਈ ਕਰਨ ਵਾਲੀ ਕੰਪਨੀ ਸਬੰਧੀ ਪੜਤਾਲ ਕਰਵਾ ਕੇ ਢੁੱਕਵੀਂ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਕਰੋਨਾ ਤੋਂ ਬਚਾਅ ਲਈ ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬ ਨੂੰ ਘੱਟ ਟੀਕੇ ਮੁਹੱਈਆ ਕਰਵਾਉਣ ਦਾ ਮਾਮਲਾ ਉਨ੍ਹਾਂ ਨੇ ਕੇਂਦਰ ਕੋਲ ਚੁੱਕਿਆ ਹੈ ਤੇ ਪੰਜਾਬ ਨੂੰ ਹੋਰਨਾਂ ਸੂਬਿਆਂ ਦੀ ਤਰ੍ਹਾਂ ਹੀ ਟੀਕੇ ਮੁਹੱਈਆ ਕਰਵਾਉਣ ਦੀ ਗੱਲ ਰੱਖੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਟੈਸਟਿੰਗ ਤੇ ਵੈਕਸੀਨੇਸ਼ਨ ਵੱਡੇ ਪੱਧਰ ਉਤੇ ਜਾਰੀ ਹੈ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲਗਾਤਾਰ ਟੈਸਟਿੰਗ ਕਰਵਾਉਣ ਅਤੇ ਜੇ ਕਿਸੇ ਨੂੰ ਸਿਹਤ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਫ਼ੌਰੀ ਡਾਕਟਰ ਨਾਲ ਸੰਪਰਕ ਕਰਨ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਪਿਆਰਾ ਸਿੰਘ ਸਰਪੰਚ ਚੱਪੜਚਿੜੀ ਕਲਾਂ, ਰਾਜਵੀਰ ਕੌਰ ਸਰਪੰਚ ਚੱਪੜਚਿੜੀ ਖੁਰਦ, ਸੁਰਜੀਤ ਸਿੰਘ ਸਾਬਕਾ ਸਰਪੰਚ ਚੱਪੜਚਿੜੀ ਖੁਰਦ, ਗੁਰਦੇਵ ਸਿੰਘ, ਜ਼ੋਰਾ ਸਿੰਘ ਸਾਬਕਾ ਸਰਪੰਚ, ਅਮਰਜੀਤ ਸਿੰਘ ਕੈਲੋਂ, ਗੁਰਦੇਵ ਸਿੰਘ, ਅਮਰਜੀਤ ਸਿੰਘ ਪਹਿਲਵਾਨ ਲਖਨੌਰ, ਹਰਿੰਦਰ ਸਿੰਘ ਹੰਸ, ਮਨੋਜ ਲਾਕੜਾ, ਕੁਲਵਿੰਦਰ ਸਿੰਘ ਚਾਨੇ, ਅਮਨਦੀਪ ਬਾਵਾ ਤੇ ਲਲਿਤ ਸ਼ਰਮਾ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਕੀਦਤ ਭੇਟ ਕੀਤੀ।