ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਅਗਸਤ
ਪਿੰਡ ਜਲਾਲਪੁਰ ਵਿੱਚ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਖੇਤੀ ਕਾਨੂੰਨਾਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਖੇਤੀ ਕਾਨੂੰਨ ਬਣਾਉਣਾ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਜਿਸ ’ਚ ਕੇਂਦਰ ਨੂੰ ਦਖ਼ਲ ਨਹੀਂ ਦੇਣਾ ਚਾਹੀਦਾ। ਇਸ ਦੇ ਬਾਵਜੂਦ ਖੇਤੀ ਕਾਨੂੰਨ ਥੋਪ ਕੇ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕਾਂ ’ਤੇ ਦੋਹਰਾ ਡਾਕਾ ਮਾਰਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਭਾਵੇਂ ਰਹਿੰਦੇ ਕਾਰਜਕਾਲ ਦੌਰਾਨ ਸਾਰੇ ਵਰਗਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ ਹੈ ਪਰ ਕਿਸਾਨਾਂ ਦੇ ਮਸਲੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਖੇਤੀ ਕਾਨੂੰਨ ਮੁਕੰਮਲ ਤੌਰ ’ਤੇ ਰੱਦ ਕਰਨ ਲਈ ਪੰਜਾਬ ਸਰਕਾਰ ਨੂੰ ਐੱਸਵਾਈਐੱਲ ਦੇ ਮਾਮਲੇ ’ਤੇ ਪਾਣੀਆਂ ਦੇ ਸਮਝੌਤੇ ਰੱਦ ਕਰਨ ਵਾਂਗ ਦਲੇਰਾਨਾ ਕਦਮ ਚੁੱਕਣੇ ਚਾਹੀਦੇ ਹਨ।
ਭਾਵੇਂ ਕਿ ਪ੍ਰਧਾਨ ਬਣਨ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਜਲਾਲਪੁਰ ਦੇ ਘਰ ਆਏ ਸਨ ਪਰ ਪਿਛਲੇ ਦਿਨੀਂ ਕੁਝ ਕਾਂਗਰਸੀ ਕਾਰਕੁਨਾਂ ਵੱਲੋਂ ਜਲਾਲਪੁਰ ਦੀ ਨੁਕਤਾਚੀਨੀ ਕਰਨ ਮਗਰੋਂ ਸਿੱਧੂ ਬਤੌਰ ਪ੍ਰਧਾਨ ਅੱਜ ਵੀ ਦੋ ਮੰਤਰੀਆਂ, ਦੋ ਵਿਧਾਇਕਾਂ ਤੇ ਹੋਰਾਂ ਸਮੇਤ ਖੁਦ ਚੱਲ ਕੇ ਜਲਾਲਪੁਰ ਦੇ ਘਰ ਪੁੱਜੇ। ਜਲਾਲਪੁਰ ਦੇ ਘਰ ਪਹੁੰਚਦਿਆਂ ਹੀ ਸਿੱਧੂ ਨੇ ਕਿਹਾ ਕਿ ਜਲਾਲਪੁਰ ਦੀ ਚੋਣ ਨੂੰ ਉਹ (ਸਿੱਧੂ) ਆਪਣੀ ਚੋਣ ਸਮਝ ਕੇ ਲੜਨਗੇ, ਇਸ ਲਈ ਜਲਾਲਪੁਰ ਦਾ ਵਿਰੋਧ ਕਰਨ ਦੀ ਕੋਈ ਵੀ ਕਾਰਵਾਈ ਸਿੱਧੇ ਰੂਪ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਵਿਰੋਧਤਾ ਦੇ ਤੁੱਲ ਹੋਵੇਗੀ। ਇਸ ਮੌਕੇ ਵਿਧਾਇਕ ਤਰਲੋਚਨ ਸਿੰਘ ਭਾਈਕੋਟ, ਜ਼ਿਲ੍ਹਾ ਪਰਿਸ਼ਦ ਮੈਂਬਰ ਜੌਲੀ ਜਲਾਲਪੁਰ, ਅਮਰਜੀਤ ਕੌਰ ਜਲਾਲਪੁਰ, ਨਰਪਿੰਦਰ ਭਿੰਦਾ, ਬਲਰਾਜ ਸਿੰਘ ਨੌਸ਼ਹਿਰਾ, ਹਰਦੀਪ ਲਾਡਾ ਤੇ ਮੰਗਤ ਜੰਗਪੁਰਾ ਮੌਜੂਦ ਸਨ।
ਪਾਰਟੀ ਵਰਕਰਾਂ ਨੂੰ ਗੁਮਰਾਹ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਮੰਗੀ
ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਚਰਨਜੀਤ ਚੰਨੀ, ਵਿਧਾਇਕ ਕੁਲਬੀਰ ਜ਼ੀਰਾ ਅਤੇ ਦਵਿੰਦਰ ਘੁਬਾਇਆ ਨੇ ਜਲਾਲਪੁਰ ਨੂੰ ਕਾਂਗਰਸ ਪਾਰਟੀ ਦਾ ਮਜ਼ਬੂਤ ਥੰਮ੍ਹ ਦੱਸਦਿਆਂ ਸਿੱਧੂ ਕੋਲ ਜਲਾਲਪੁਰ ਦਾ ਵਿਰੋਧ ਕਰਨ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਸਿਫਾਰਸ਼ ਕੀਤੀ। ਰੰਧਾਵਾ ਅਤੇ ਚੰਨੀ ਨੇ ਕਾਂਗਰਸ ਦੀ ਪਿੱਠ ’ਚ ਛੁਰਾ ਮਾਰਨ ਵਾਲਿਆਂ ਖ਼ਿਲਾਫ਼ ਵਧੇਰੇ ਸਖਤੀ ਨਾਲ ਪੇਸ਼ ਆਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪਾਰਟੀ ਵਰਕਰਾਂ ਨੂੰ ਗਮਰਾਹ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਵੀ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕੇ। ਵਿਧਾਇਕ ਜ਼ੀਰਾ ਨੇ ਨਾਅਰਾ ਵੀ ਦਿੱਤਾ ਕਿ ‘ਘਰ ਘਰ ਚੱਲੀ ਗੱਲ, ਸਿੱਧੂ ਕਰਨਗੇ ਪਾਰਟੀ ਦੇ ਮਸਲੇ ਹੱਲ’।