ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਮਾਰਚ
‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਕੇਂਦਰ ਵਿਚਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਲਗਾਤਾਰ ਪੰਜਾਬ ਦੇ ਹੱਕ ਖੋਹ ਰਹੀ ਹੈ। ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀਬੀਐੱਮਬੀ) ਵਿੱਚੋਂ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰਨ ਤੋਂ ਬਾਅਦ ਹੁਣ ਮੋਦੀ ਸਰਕਾਰ ਨੇ ਡੈਮਾਂ ਦੀ ਸੁਰੱਖਿਆ ਤੋਂ ਪੰਜਾਬ ਪੁਲੀਸ ਨੂੰ ਹਟਾਉਣ ਦਾ ਫ਼ੈਸਲਾ ਕਰਕੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਸ੍ਰੀ ਮਾਨ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਹੱਕਾਂ ਨੂੰ ਬਹਾਲ ਰੱਖਿਆ ਜਾਵੇ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਪਰਦੇ ’ਚ ਕੇਂਦਰ ਦੀ ਮੋਦੀ ਸਰਕਾਰ ਨੇ ਲਗਾਤਾਰ ਪੰਜਾਬ ਵਿਰੋਧੀ ਫ਼ੈਸਲੇ ਅਮਲ ਵਿੱਚ ਲਿਆਂਦੇ ਹਨ। ਕਾਂਗਰਸ ਤੋਂ ਬਾਅਦ ਭਾਜਪਾ ਸਰਕਾਰ ਪੰਜਾਬ ’ਚ ਬਣੇ ਬੀਬੀਐੱਮਬੀ ’ਚੋਂ ਪੰਜਾਬ ਨੂੰ ਹੀ ਬਾਹਰ ਕੱਢਣ ਦੇ ਫ਼ੈਸਲੇ ਲਾਗੂ ਕਰ ਰਹੀ ਹੈ। ਮੋਦੀ ਸਰਕਾਰ ਨੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ’ਚੋਂ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰਨ ਤੋਂ ਬਾਅਦ ਡੈਮਾਂ ਦੀ ਸੁਰੱਖਿਆ ’ਚ ਲੱਗੀ ਪੰਜਾਬ ਪੁਲੀਸ ਫੋਰਸ ਨੂੰ ਵੀ ਹਟਾ ਦਿੱਤਾ ਹੈ। ਬੋਰਡ ਦੇ ਤਿੰਨ ਡੈਮਾਂ ਦੀ ਸੁਰੱਖਿਆ ਲਈ ਕੇਂਦਰੀ ਸਨਅਤੀ ਸਰੱਖਿਆ ਫੋਰਸ ਨੂੰ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ, ਜਦੋਂ ਕਿ ਡੈਮਾਂ ਦੀ ਸੁਰੱਖਿਆ ’ਤੇ ਖਰਚ ਆਉਂਦੇ 90 ਕਰੋੜ ਰੁਪਏ ਪੰਜਾਬ ਸਮੇਤ ਹੋਰ ਹਿੱਸੇਦਾਰਾਂ ਕੋਲੋਂ ਵਸੂਲ ਕੀਤੇ ਜਾਣਗੇ। ‘ਆਪ’ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਦੇ ਫ਼ੈਸਲੇ ਕਾਰਨ ਇੱਕ ਪਾਸੇ ਪੰਜਾਬ ਦੇ ਨੌਜਵਾਨਾਂ ਕੋਲੋਂ ਰੁਜ਼ਗਾਰ ਖੋਹ ਲਿਆ ਗਿਆ ਹੈ, ਦੂਜੇ ਪਾਸੇ ਸੁਰੱਖਿਆ ਦਾ ਖਰਚਾ ਪੰਜਾਬ ਸਿਰ ਥੋਪ ਦਿੱਤਾ ਹੈ। ਪਹਿਲਾਂ ਇਹ ਧੱਕਾ ਕੇਂਦਰ ’ਚ ਕਾਬਜ਼ ਕਾਂਗਰਸ ਦੀਆਂ ਸਰਕਾਰਾਂ ਕਰਦੀਆਂ ਸਨ, ਹੁਣ ਉਹੋ ਰਾਹ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਫੜ ਲਿਆ ਹੈ।