ਚੰਡੀਗੜ੍ਹ (ਟਨਸ): ਕੇਂਦਰੀ ਗ੍ਰਹਿ ਮੰਤਰਾਲੇ ਨੇ ਮੁਅੱਤਲੀ ਅਧੀਨ ਚੱਲ ਰਹੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਢੁੱਕਵੀਂ ਸੁਰੱਖਿਆ ਦੇਣ ਦੀ ਸਿਫਾਰਸ਼ ਕੀਤੀ ਹੈ| ਉਮਰਾਨੰਗਲ ਕੋਟਕਪੂਰਾ ਅਤੇ ਬਹਬਿਲ ਗੋਲੀ ਕਾਂਡ ਮਾਮਲੇ ਦੇ ਕਥਿਤ ਤੌਰ ’ਤੇ ਮੁੱਖ ਦੋਸ਼ੀ ਦੱਸੇ ਜਾ ਰਹੇ ਹਨ ਜਿਨ੍ਹਾਂ ਹੁਣ ਕੇਂਦਰ ਸਰਕਾਰ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ| ਪੁਲੀਸ ਅਧਿਕਾਰੀ ਨੇ ਕੇਂਦਰ ਸਰਕਾਰ ਨੂੰ ਲਿਖੇ ਪੱਤਰ ਵਿਚ ਗਰਮ ਖ਼ਿਆਲੀ ਸਿੱਖਾਂ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਗ੍ਰਹਿ ਮੰਤਰਾਲੇ ਵੱਲੋਂ ਉਮਰਾਨੰਗਲ ਦੀ ਸੁਰੱਖਿਆ ਦਾ ਮਾਮਲਾ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਵਿਚਾਰਿਆ ਗਿਆ ਹੈ ਜਿਨ੍ਹਾਂ ਦੀ ਰਿਪੋਰਟ ਮੁਤਾਬਕ ਪੰਜਾਬ ਵਿਚ ਕਾਲੇ ਦੌਰ ਦੌਰਾਨ ਉਮਰਾਨੰਗਲ ਦਾ ਪਰਿਵਾਰ ਖਾੜਕੂਆਂ ਦੇ ਨਿਸ਼ਾਨੇ ’ਤੇ ਸੀ। ਉਮਰਾਨੰਗਲ ਦੇ ਪਿਤਾ 1987 ਵਿਚ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਖਾੜਕੂਆਂ ਹੱਥੋਂ ਮਾਰੇ ਗਏ ਸਨ ਅਤੇ 1988 ਵਿਚ ਉਮਰਾਨੰਗਲ ਦੇ ਜੱਦੀ ਘਰ ’ਤੇ ਵੀ ਹਮਲਾ ਹੋਇਆ ਸੀ| ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਕੋਟਕਪੂਰਾ ਅਤੇ ਬਹਬਿਲ ਗੋਲੀ ਕਾਂਡ ਵਿਚ ਮੁੱਖ ਦੋਸ਼ੀ ਹੋਣ ਕਰਕੇ ਉਮਰਾਨੰਗਲ ਨੂੰ ਦੇਸ਼ ਅਤੇ ਵਿਦੇਸ਼ ਵਿਚ ਬੈਠੇ ਸਿੱਖ ਗਰਮ ਖ਼ਿਆਲੀਆਂ ਤੋਂ ਖ਼ਤਰਾ ਹੈ| ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਉਮਰਾਨੰਗਲ ਅਤੇ ਹੋਰ ਪੁਲੀਸ ਅਫਸਰਾਂ ਨੂੰ ਸਿੱਖਾਂ ’ਤੇ ਜ਼ਿਆਦਤੀਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ| ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਕਿਹਾ ਹੈ ਕਿ ਪਰਮਰਾਜ ਸਿੰਘ ਉਮਰਾਨੰਗਲ ਅਤੇ ਉਸ ਦੇ ਪਰਿਵਾਰ ਨੂੰ ਖ਼ਤਰੇ ਦੀ ਗੰਭੀਰਤਾ ਨੂੰ ਦੇਖਦਿਆਂ ਢੁੱਕਵੀਂ ਸੁਰੱਖਿਆ ਮੁਹੱਈਆ ਕਰਾਈ ਜਾਵੇ|
ਸੁਖਬੀਰ ਬਾਦਲ ’ਤੇ ਹਮਲੇ ਦੀ ਰਿਪੋਰਟ ਤਲਬ
ਕੇਂਦਰੀ ਗ੍ਰਹਿ ਮੰਤਰਾਲੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ’ਤੇ ਜਲਾਲਾਬਾਦ ਵਿਚ 2 ਫਰਵਰੀ ਨੂੰ ਹੋਏ ਹਮਲੇ ਦੇ ਮਾਮਲੇ ਦੀ ਵੀ ਰਿਪੋਰਟ ਮੰਗ ਲਈ ਹੈ| ਚੇਤੇ ਰਹੇ ਕਿ ਨਗਰ ਕੌਂਸਲ ਚੋਣਾਂ ਮੌਕੇ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਦੇ ਐੱਸਡੀਐੱਮ ਦਫਤਰ ਵਿਚ ਨਾਮਜ਼ਦਗੀ ਦੇ ਸਿਲਸਿਲੇ ਵਿਚ ਪਹੁੰਚੇ ਸਨ| ਅਕਾਲੀ ਆਗੂਆਂ ਨੇ ਇਲਜ਼ਾਮ ਲਾਏ ਸਨ ਕਿ ਕਾਂਗਰਸੀ ਆਗੂਆਂ ਨੇ ਸੁਖਬੀਰ ਬਾਦਲ ਦੇ ਕਾਫਲੇ ’ਤੇ ਪੱਥਰ ਸੁੱਟੇ ਅਤੇ ਫਾਇਰਿੰਗ ਕੀਤੀ| ਸੁਖਬੀਰ ਬਾਦਲ ਨੇ ਮਗਰੋਂ 10 ਫਰਵਰੀ ਨੂੰ ਇਸ ਮਾਮਲੇ ਦੀ ਕੇਂਦਰ ਨੂੰ ਸ਼ਿਕਾਇਤ ਭੇਜ ਦਿੱਤੀ ਸੀ| ਹੁਣ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਇਸ ਹਮਲੇ ਬਾਰੇ ਐਕਸ਼ਨ ਟੇਕਨ ਰਿਪੋਰਟ ਮੰਗੀ ਹੈ|