ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਦਸੰਬਰ
ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਹੋ ਰਹੀ ਗੱਲਬਾਤ ਵਿੱਚ ਹਾਂ-ਪੱਖੀ ਰੋਲ ਨਿਭਾਉਣਾ ਚਾਹੀਦਾ ਹੈ। ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਬੇਸਿੱਟਾ ਰਹਿਣ ਦੇ ਬਾਵਜੂਦ ਉਨ੍ਹਾਂ ਆਸ ਪ੍ਰਗਟਾਈ ਕਿ ਤਿੰਨ ਦਸੰਬਰ ਨੂੰ ਹੋਣ ਵਾਲੀ ਮੀਟਿੰਗ ਦੇ ਸਾਰਥਿਕ ਸਿੱਟੇ ਨਿਕਲਣਗੇ। ਸ੍ਰੀ ਢੀਂਡਸਾ ਨੇ ਕਿਹਾ ਕਿ ਠੰਢ ਦਾ ਪ੍ਰਕੋਪ ਹੋਣ ਕਰਕੇ ਦੁਨੀਆਂ ਦੀਆਂ ਨਜ਼ਰਾਂ ਖੇਤੀ ਦੇ ਕਾਲੇ ਕਾਨੂੰਨਾਂ ਦੇ ਹੱਲ ’ਤੇ ਟਿਕੀਆਂ ਹੋਈਆਂ ਹਨ। ਖੇਤੀ ਕਾਨੂੰਨਾਂ ਬਾਰੇ ਗੱਲਬਾਤ ਲਈ ਕਮੇਟੀ ਦੇ ਗਠਨ ਦੀ ਪੇਸ਼ਕਸ਼ ਰੱਦ ਕਰਨ ਦੇ ਕਿਸਾਨ ਜਥੇਬੰਦੀਆਂ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਢੀਂਡਸਾ ਨੇ ਕਿਹਾ ਕਿ ਕਮੇਟੀ ਬਣਾਉਣ ਦਾ ਨਾ ਹੀ ਸਮਾਂ ਹੈ ਤੇ ਨਾ ਹੀ ਇਸ ਦੀ ਕੋਈ ਤੁਕ ਬਣਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਮਸਲੇ ਦਾ ਸਾਰਥਿਕ ਹੱਲ ਨਾ ਕੀਤਾ ਤਾਂ ਸਰਕਾਰ ਨੂੰ ਕਿਸਾਨ ਅੰਦੋਲਨ ਦਾ ਸਾਹਮਣਾ ਕਰਨਾ ਔਖਾ ਹੋ ਜਾਵੇਗਾ।
ਪ੍ਰਕਾਸ਼ ਸਿੰਘ ਬਾਦਲ ’ਤੇ ਪਹਿਲਾਂ ਕਾਲੇ ਕਾਨੂੰਨਾਂ ਦੀ ਪ੍ਰਸ਼ੰਸਾ ਕਰਨ ਦੇ ਦੋਸ਼
ਬੁਢਲਾਡਾ (ਪੱਤਰ ਪ੍ਰੇਰਕ): ਵਿਧਾਇਕ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੇ ਪੰਜਾਬ ਦੇ ਹੀ ਨਹੀਂ ਪੂਰੇ ਦੇਸ਼ ਦੇ ਕਿਸਾਨਾਂ ਦੀ ਅਣਖ ਨੂੰ ਜਗਾ ਦਿੱਤਾ ਹੈ। ਇਸ ਕਿਸਾਨੀ ਸੰਘਰਸ਼ ਦਾ ਵੱਖਰਾ ਇਤਿਹਾਸ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਨੂੰਨ ਲਿਆਉਣ ਤੋਂ ਪਹਿਲਾਂ ਇਨ੍ਹਾਂ ਕਾਲੇ ਕਾਨੂੰਨਾਂ ਦੀ ਕਿਸਾਨੀ ਹਿੱਤਾਂ ਲਈ ਪ੍ਰਸ਼ੰਸਾ ਕੀਤੀ ਸੀ ਪਰ ਹੁਣ ਉਹ ਬੇਜ਼ੁਬਾਨ ਹੋ ਗਏ ਹਨ। ਇਹ ਪ੍ਰਗਟਾਵਾ ਉਨ੍ਹਾਂ ਪਿੰਡ ਗੋਬਿੰਦਪੁਰਾ ਵਿਚ ਦਰਜਨ ਪਰਿਵਾਰਾਂ ਨੂੰ ਪਾਰਟੀ ਵਿਚ ਸ਼ਾਮਲ ਕਰਦਿਆਂ ਕੀਤਾ।