ਮਨੋਜ ਸ਼ਰਮਾ
ਬਠਿੰਡਾ, 7 ਜਨਵਰੀ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਭਾਜਪਾ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦਾ ਯਤਨ ਕਰ ਰਹੀ ਹੈ ਤੇ ਆਖ ਰਹੀ ਹੈ ਕਿ ਕਿਸਾਨ ਆਪਣੀਆਂ ਵਾਜਬ ਮੰਗਾਂ ਪ੍ਰਧਾਨ ਮੰਤਰੀ ਸਾਹਮਣੇ ਰੱਖ ਕੇ ਉਨ੍ਹਾਂ ਨੂੰ ਹੱਲ ਕਰਵਾਉਣ ਦੀ ਥਾਂ ਰਾਜਨੀਤੀ ਕਰ ਰਹੇ ਹਨ। ਇਥੇ ਪਿੰਡ ਬਾਦਲ ਦੇ ਸਿਵਲ ਹਸਪਤਾਲ ’ਚ ਡਾਕਟਰਾਂ ਦੀ ਸਹੂਲਤ ਲਈ ਚੱਲਣ ਵਾਲੀ ਬੱਸ ਨੂੰ ਰਵਾਨਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਕਿਸਾਨੀ ਸੰਘਰਸ਼ ਅਤੇ ਇਸ ਦੇ ਨਾਲ ਜੁੜੇ ਲੋਕਾਂ ਬਾਰੇ ਬੇਹੱਦ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੂਬਾਈ ਭਾਜਪਾ ਯੂਨਿਟ ਦੀ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਦੁਰਵਰਤੋਂ ਕਰ ਰਹੀ ਹੈ ਤੇ ਬੇਹੱਦ ਸ਼ਾਂਤੀਪੂਰਨ ਤਰੀਕੇ ਨਾਲ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਗੁੰਡੇ ਦੱਸਿਆ ਜਾ ਰਿਹਾ ਹੈ। ਬੀਬੀ ਬਾਦਲ ਨੇ ਸਵਾਲ ਕੀਤਾ ਕਿ ਜਿਆਣੀ ਪ੍ਰਧਾਨ ਮੰਤਰੀ ਨੂੰ ਮਿਲਣ ਕਿਉਂ ਗਏ ਸਨ, ਜਦੋਂ ਉਨ੍ਹਾਂ ਨੇ ਖੇਤੀ ਕਾਨੂੰਨ ਰੱਦ ਕਰਨ ਵਾਸਤੇ ਇੱਕ ਵੀ ਸ਼ਬਦ ਮੂੰਹੋਂ ਨਹੀਂ ਕੱਢਿਆ। ਬੀਬੀ ਬਾਦਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਕਾਲੀ ਦਲ ਭਾਜਪਾ ਨਾਲ ਕੋਈ ਵੀ ਸਾਂਝ ਨਹੀਂ ਪਾਵੇਗਾ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਤੋਂ ਆਪਣਾ ਭਰੋਸਾ ਗੁਆ ਚੁੱਕੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਜ਼ਾਹਰਾਕਾਰੀ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨੀ ਚਾਹੀਦੀ ਹੈ।