ਪੱਤਰ ਪ੍ਰੇਰਕ
ਮੂਨਕ, 2 ਮਾਰਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦਾ ਹੱਕ ਮਨਸੂਖ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਦੇਸ਼ ਦੇ ਸੰਘੀ ਢਾਂਚੇ ਲਈ ਵੱਡੀ ਵੰਗਾਰ ਕਰਾਰ ਦਿੱਤਾ ਹੈ। ਅੱਜ ਮੂਨਕ ਸਥਿਤ ਆਪਣੀ ਨਵੀਂ ਬਣਾਈ ਰਿਹਾਇਸ਼ ’ਤੇ ਪਾਰਟੀ ਵਰਕਰਾਂ ਨਾਲ ਬੈਠਕ ਕਰਨ ਮਗਰੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਲੌਂਗੋਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੀ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਦੀਆਂ ਲੀਹਾਂ ’ਤੇ ਚੱਲਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਵੇਲੇ ਕੇਂਦਰ ਸਰਕਾਰ ਨੇ ਸੂਬਿਆਂ ਦੇ ਭਾਸ਼ਾਈ ਆਧਾਰ ’ਤੇ ਪੁਨਰਗਠਨ ਵੇਲੇ ਪੰਜਾਬੀ ਬੋਲਦੇ ਇਲਾਕੇ, ਦਰਿਆਈ ਪਾਣੀ, ਰਾਜਧਾਨੀ ਚੰਡੀਗੜ੍ਹ ਆਦਿ ਪੰਜਾਬ ਤੋਂ ਖੋਹੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਦੇਸ਼ ਦੀ ਸੰਘੀ ਪਰੰਪਰਾ ਤੇ ਜਮਹੂਰੀਅਤ ਖ਼ਿਲਾਫ਼ ਹੈ।