ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਦਸੰਬਰ
ਅਫਗਾਨਿਸਤਾਨ ਤੋਂ ਆ ਰਿਹਾ ਸੁੱਕਾ ਮੇਵਾ ਤੇ ਹੋਰ ਫ਼ਸਲੀ ਵਸਤਾਂ ਜੋ ਤਕਨੀਕੀ ਕਾਰਨਾਂ ਕਰਕੇ ਇੱਥੇ ਅਟਾਰੀ ਆਈਸੀਪੀ ਵਿੱਚ ਰੋਕੀਆਂ ਹੋਈਆਂ ਸਨ, ਨੂੰ ਕੇਂਦਰ ਦੇ ਖੇਤੀ ਤੇ ਕਿਸਾਨ ਮੰਤਰਾਲੇ ਵੱਲੋਂ ਕੁਝ ਛੋਟ ਦੇ ਦਿੱਤੀ ਗਈ ਹੈ, ਜਿਸ ਮਗਰੋਂ ਵਪਾਰੀਆਂ ਨੇ ਰਾਹਤ ਮਹਿਸੂਸ ਕੀਤੀ ਹੈ।
ਇਸ ਵੇਲੇ ਭਾਰਤ ਦੇ ਵਪਾਰੀਆਂ ਵੱਲੋਂ ਪਾਕਿਸਤਾਨ ਸੜਕ ਮਾਰਗ ਰਾਹੀਂ ਅਫਗਾਨਿਸਤਾਨ ਤੋਂ ਸੁੱਕੇ ਮੇਵੇ ਦਰਾਮਦ ਕੀਤੇ ਜਾ ਰਹੇ ਹਨ। ਸੁੱਕਾ ਮੇਵਾ ਫਸਲੀ ਵਸਤ ਹੈ, ਜਿਸ ਨੂੰ ਦਰਾਮਦ ਕਰਨ ਲਈ ‘ਫਿਊਮੀਗੇਸ਼ਨ’ ਪ੍ਰਕਿਰਿਆ ਜ਼ਰੂਰੀ ਹੈ ਤੇ ਇਸ ਲਈ ਇਕ ਨਿਰਧਾਰਤ ਰਸਾਇਣ ਦੀ ਲੋੜ ਹੁੰਦੀ ਹੈ, ਜੋ ਇਸ ਵੇਲੇ ਅਫਗਾਨਿਸਤਾਨ ਵਿੱਚ ਉਪਲਬੱਧ ਨਹੀਂ ਹੈ। ਇਸ ਰਸਾਇਣ ਦੀ ਅਣਹੋਂਦ ਕਰਕੇ ਲੋੜੀਂਦੀ ਪ੍ਰਕਿਰਿਆ ਮੁਕੰਮਲ ਨਾ ਹੋਣ ਕਾਰਨ ਇੱਥੇ ਆਈਸੀਪੀ ਵਿੱਚ ਪਲਾਂਟ ਕੁਆਰਨਟਾਈਨ ਵਿੰਗ ਵੱਲੋਂ ਇਹ ਮਾਲ ਰੋਕਿਆ ਗਿਆ ਸੀ। ਮਿਲੇ ਵੇਰਵਿਆਂ ਮੁਤਾਬਕ ਅਫਗਾਨਿਸਤਾਨ ਵਿੱਚ ਲੋੜੀਂਦੇ ਰਸਾਇਣ ਦੀ ਥਾਂ ਕਿਸੇ ਹੋਰ ਰਸਾਇਣ ਦੀ ਵਰਤੋਂ ਕੀਤੀ ਸੀ, ਜੋ ਭਾਰਤੀ ਨਿਯਮਾਂ ਮੁਤਾਬਕ ਜਾਇਜ਼ ਨਹੀਂ ਹੈ। ਇਸ ਕਾਰਨ ਵੱਡੀ ਮਾਤਰਾ ਵਿੱਚ ਅਫਗਾਨਿਸਤਾਨ ਤੋਂ ਆਏ ਸੁੱਕੇ ਮੇਵੇ ਇੱਥੇ ਅਟਾਰੀ ਆਈਸੀਪੀ ਵਿੱਚ ਇਕੱਠੇ ਹੋ ਗਏ ਸਨ। ਡਰਾਈ ਫਰੂਟ ਅਤੇ ਕਰਿਆਨਾ ਮਰਚੈਂਟ ਐਸੋਸੀਏਸ਼ਨ ਵੱਲੋਂ ਇਹ ਮਾਮਲਾ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਸਾਹਮਣੇ ਰੱਖਿਆ ਗਿਆ ਸੀ। ਜਥੇਬੰਦੀ ਦੇ ਪ੍ਰਧਾਨ ਅਨਿਲ ਮਹਿਰਾ ਨੇ ਦੱਸਿਆ ਕਿ ਭਾਜਪਾ ਦੇ ਆਗੂ ਤਰੁਣ ਚੁੱਘ ਦੇ ਸਹਿਯੋਗ ਨਾਲ ਉਹ ਕੇਂਦਰੀ ਮੰਤਰੀ ਨੂੰ ਮਿਲੇ ਤੇ ਉਨ੍ਹਾਂ ਨੂੰ ਸਮੱਸਿਆ ਤੋਂ ਜਾਣੂ ਕਰਾਇਆ।
ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ਾਂ ਵਿੱਚ ਆਖਿਆ ਗਿਆ ਹੈ ਕਿ ਨਿਰਧਾਰਤ 31 ਮਾਰਚ 2022 ਤੱਕ ਅਫਗਾਨਿਸਤਾਨ ਤੋਂ ਦਰਾਮਦ ਰਾਹੀਂ ਆਉਣ ਵਾਲੀਆਂ ਫ਼ਸਲੀ ਵਸਤਾਂ ’ਤੇ ਫਿਊਮੀਗੇਸ਼ਨ ਪ੍ਰਕਿਰਿਆ ਵਿੱਚ ਛੋਟ ਦਿੱਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਤੁਰੰਤ ਸੁਣਵਾਈ ਕਰਦਿਆਂ ਦਿੱਤੀ ਰਾਹਤ ’ਤੇ ਵਪਾਰੀ ਵਰਗ ਨੇ ਰਾਹਤ ਮਹਿਸੂਸ ਕੀਤੀ ਹੈ। ਸ੍ਰੀ ਮਹਿਰਾ ਨੇ ਦੱਸਿਆ ਕਿ ਇਨ੍ਹਾਂ ਤਕਨੀਕੀ ਕਾਰਨਾਂ ਕਰਕੇ ਵਪਾਰੀਆਂ ਦਾ ਕਰੋੜਾਂ ਰੁਪਏ ਦਾ ਸੁੱਕਾ ਮੇਵਾ ਆਈਸੀਪੀ ਵਿੱਚ ਰੁਕ ਗਿਆ ਸੀ ਤੇ ਵਪਾਰੀਆਂ ਨੂੰ ਰੋਜ਼ਾਨਾ ਭਾਰੀ ਨੁਕਸਾਨ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹ ਛੋਟ ਪਹਿਲਾਂ 31 ਅਕਤੂਬਰ ਤੱਕ ਸੀ, ਜਿਸ ਨੂੰ ਹੁਣ 31 ਮਾਰਚ ਤੱਕ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਦੀਆਂ ਵਿੱਚ ਸੁੱਕੇ ਮੇਵੇ ਦੀ ਲਾਗਤ ਵਧ ਜਾਂਦੀ ਹੈ ਤੇ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਵਪਾਰੀਆਂ ਵੱਲੋਂ ਵੱਡੀ ਮਾਤਰਾ ਵਿੱਚ ਅਫਗਾਨਿਸਤਾਨ ਤੋਂ ਸੁੱਕਾ ਮੇਵਾ ਦਰਾਮਦ ਕੀਤਾ ਜਾ ਰਿਹਾ ਹੈ।