ਜਸਵੰਤ ਜੱਸ
ਫ਼ਰੀਦਕੋਟ, 13 ਮਈ
ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚੋਂ ਭੇਜੇ ਗਏ ਮਾੜੀ ਕਿਸਮ ਦੇ ਵੈਂਟੀਲੇਟਰਾਂ ਦਾ ਮੁੱਦਾ ਭਖ਼ਣ ਮਗਰੋਂ ਅੱਜ ਕੇਂਦਰੀ ਸਿਹਤ ਵਿਭਾਗ ਨੇ ਬਿਆਨ ਜਾਰੀ ਕਰ ਕੇ ਦਾਅਵਾ ਕੀਤਾ ਹੈ ਕਿ ਜੋ ਵੈਂਟੀਲੇਟਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਨੂੰ ਭੇਜੇ ਗਏ ਸਨ, ਉਹ ਪੂਰੀ ਤਰ੍ਹਾਂ ਮਿਆਰੀ, ਤਸੱਲੀਬਖ਼ਸ਼ ਅਤੇ ਵਰਤਣਯੋਗ ਹਨ।
ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਜੀਵਨ ਰੱਖਿਅਕ ਮਸ਼ੀਨਾਂ ਖ਼ਰਾਬ ਹੋਈਆਂ ਹਨ। ਮੰਤਰਾਲੇ ਨੇ ਕਿਹਾ ਕਿ ਹਸਪਤਾਲਾਂ ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਅਪਰੈਲ 2020 ਤੋਂ ਵੈਂਟੀਲੇਟਰਾਂ ਸਮੇਤ ਲੋੜੀਂਦੇ ਮੈਡੀਕਲ ਉਪਕਰਨ ਖਰੀਦਦੀ ਰਹੀ ਹੈ ਅਤੇ ਇਨ੍ਹਾਂ ਨੂੰ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ/ਕੇਂਦਰੀ ਹਸਪਤਾਲਾਂ/ਸੰਸਥਾਵਾਂ ਨੂੰ ਮੁਹੱਈਆ ਕਰਵਾਉਂਦੀ ਰਹੀ ਹੈ। ਭਾਰਤ ਸਰਕਾਰ ਨੇ ਮੀਡੀਆ ਵਿੱਚ ਆਈਆਂ ਰਿਪੋਰਟਾਂ ਕਿ 80 ’ਚੋਂ 71 ਐਗਵਾ ਵੱਲੋਂ ਤਿਆਰ ਵੈਂਟੀਲੇਟਰ ਹਸਪਤਾਲ ਵਿੱਚ ਬੇਕਾਰ ਪਏ ਹਨ, ਸਬੰਧੀ ਸਪੱਸ਼ਟ ਕੀਤਾ ਕਿ 88 ਵੈਂਟੀਲੇਟਰ ਭਾਰਤ ਇਲੈਕਟ੍ਰਾਨਿਕਸ ਅਤੇ ਪੰਜ ਐਗਵਾ ਵੱਲੋਂ ਸਪਲਾਈ ਕੀਤੇ ਗਏ ਹਨ। ਇਨ੍ਹਾਂ ਵੈਂਟੀਲੇਟਰਾਂ ਨੂੰ ਸਥਾਪਤ ਤੇ ਸ਼ੁਰੂ ਕਰਨ ਮਗਰੋਂ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਸਬੰਧੀ ਅੰਤਿਮ ਸਵੀਕਾਰਯੋਗ ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਸਰਕਾਰੀ ਬੁਲਾਰੇ ਅਨੁਸਾਰ ਮਾਮਲਾ ਭਖ਼ਣ ਮਗਰੋਂ ਵੈਂਟੀਲੇਟਰ ਦੇ ਮਾਹਿਰ ਇੰਜਨੀਅਰਾਂ ਨੇ ਹਸਪਤਾਲ ’ਚ ਵੈਂਟੀਲੇਟਰਾਂ ਦੀ ਜਾਂਚ ਕੀਤੀ ਅਤੇ ਪੰਜ ਵੈਂਟੀਲੇਟਰ ਚਲਾ ਕੇ ਦਿਖਾਏ। ਸਿਹਤ ਵਿਭਾਗ ਅਨੁਸਾਰ ਸਰਕਾਰ ਵੱਲੋਂ ਭੇਜੇ ਵੈਂਟੀਲੇਟਰਾਂ ਨੂੰ ਚਲਾਉਣ ਤੋਂ ਪਹਿਲਾਂ ਫਲੋਅ ਸੈਂਸਰ, ਬੈਕਟੀਰੀਆ ਫਿਲਟਰ ਅਤੇ ਐੱਚ.ਐੱਮ.ਈ ਫਿਲਟਰ ਬਦਲਣੇ ਜ਼ਰੂਰੀ ਸਨ ਤਾਂ ਕਿ ਵੈਂਟੀਲੇਟਰ ਨੂੰ ਗੈਸ, ਹਵਾ ਤੇ ਆਕਸੀਜਨ ਦਾ ਸਹੀ ਪ੍ਰੈੱਸ਼ਰ ਮਿਲ ਸਕੇ ਪਰ ਫ਼ਰੀਦਕੋਟ ਮੈਡੀਕਲ ਕਾਲਜ ਦੇ ਅਧਿਕਾਰੀਆਂ ਨੇ ਵੈਂਟੀਲੇਟਰਾਂ ਵਿੱਚ ਇਹ ਤਬੀਦੀਲੀਆਂ ਨਹੀਂ ਕੀਤੀਆਂ, ਇਸੇ ਕਰਕੇ ਵੈਂਟੀਲੇਟਰ ਚਲਾਏ ਨਹੀਂ ਜਾ ਸਕੇ।
ਕੇਂਦਰੀ ਸੰਯੁਕਤ ਸਕੱਤਰ ਡਾ. ਮਨਦੀਪ ਕੇ. ਭੰਡਾਰੀ ਨੇ ਕਿਹਾ ਕਿ ਹਸਪਤਾਲਾਂ ਵਿੱਚ ਮਾਹਿਰ ਸਟਾਫ਼ ਅਤੇ ਤਜਰਬੇ ਦੀ ਘਾਟ ਕਾਰਨ ਵੈਂਟੀਲੇਟਰ ਚਲਾਉਣ ਵਿੱਚ ਸਮੱਸਿਆ ਆਈ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਸੂਬੇ ਦੇ ਵੈਂਟੀਲੇਟਰਾਂ ਵਿੱਚ ਕੋਈ ਨੁਕਸ ਪੈਂਦਾ ਹੈ ਤਾਂ ਬੀਈਐੱਲ ਕੰਪਨੀ ਆਪਣੇ ਮਾਹਿਰਾਂ ਰਾਹੀਂ ਇਨ੍ਹਾਂ ਨੁਕਸਾਂ ਨੂੰ ਤੁਰੰਤ ਦੂਰ ਕਰਨ ਦੀ ਪਾਬੰਦ ਹੈ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਸੱਤ ਸੂਬਿਆਂ ਨੂੰ ਕਰੋਨਾ ਦੌਰਾਨ ਜਿਹੜੇ ਵੈਂਟੀਲੇਟਰ ਭੇਜੇ ਗਏ ਸਨ, ਉਹ ਅਜੇ ਤੱਕ ਚੱਲ ਨਹੀਂ ਸਕੇ। ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਨੇ ਲਿਖਤੀ ਤੌਰ ’ਤੇ ਦਾਅਵਾ ਕੀਤਾ ਸੀ ਕਿ ਜਿਹੜੇ ਵੈਂਟੀਲੇਟਰ ਉਨ੍ਹਾਂ ਨੂੰ ਭੇਜੇ ਗਏ ਹਨ, ਉਹ ਮਾੜੀ ਕਿਸਮ ਦੇ ਹਨ।
ਬੀਈਐੱਲ ਦੇ ਇੰਜਨੀਅਰਾਂ ਵੱਲੋਂ ਮੁੜ ਹਸਪਤਾਲ ਦਾ ਦੌਰਾ
ਸਿਹਤ ਮੰਤਰਾਲੇ ਦੇ ਬਿਆਨ ਮੁਤਾਬਕ ਬੀਈਐੱਲ ਦੇ ਇੰਜਨੀਅਰਾਂ ਨੇ ਅੱਜ ਮੁੜ ਹਸਪਤਾਲ ਦਾ ਦੌਰਾ ਕੀਤਾ ਤੇ ਪੰਜ ਵੈਂਟੀਲੇਟਰ ਕੁਝ ਚੀਜ਼ਾਂ ਨੂੰ ਬਦਲ ਕੇ ਦਰੁਸਤ ਕਰ ਦਿੱਤੇ, ਜੋ ਇਸ ਗੱਲ ਦਾ ਸਬੂਤ ਹੈ ਕਿ ਜੇ ਵੈਂਟੀਲਟੇਰ ਸਹੀ ਢੰਗ ਨਾਲ ਵਰਤੇ ਜਾਣਗੇ ਤਾਂ ਵਧੀਆ ਕਾਰਗੁਜ਼ਾਰੀ ਦੇਣਗੇ। ਮੰਤਰਾਲੇ ਨੇ ਕਿਹਾ ਕਿ ਪੰਜਾਬ ਵਿੱਚ ਕਈ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ ਸਬੰਧਤ ਮਹੱਤਵਪੂਰਨ ਗੱਲਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਤੇ ਇਸ ਦੀ ਥਾਂ ਉਹ ਖ਼ਰਾਬ ਵੈਂਟੀਲਟਰ ਦੇਣ ਦੀ ਗੱਲ ਕਹਿ ਰਹੇ ਹਨ, ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ। ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਕਿ ਬੀਈਐੱੱਲ ਸੂਬੇ ਨੂੰ ਜ਼ਰੂਰੀ ਸਾਰੀ ਤਕਨੀਕੀ ਮਦਦ ਉਪਲੱਬਧ ਕਰਵਾਉਣਾ ਜਾਰੀ ਰੱਖੇਗੀ।