ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਅਕਤੂਬਰ
ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਮਗਰੋਂ ਡੋਗਰਿਆਂ ਦੇ ਬਹਿਕਾਵੇ ’ਚ ਆ ਕੇ ਗੁਮਰਾਹ ਹੋਏ ਸਿੱਖ ਸੈਨਿਕਾਂ ਵੱਲੋਂ ਬਾਬਾ ਬੀਰ ਸਿੰਘ ਨੌਰੰਗਾਬਾਦੀ ਅਤੇ ਹੋਰ ਸਿੱਖ ਜਰਨੈਲਾਂ ਨੂੰ ਸ਼ਹੀਦ ਕਰਨ ਤੋਂ ਲੱਗਪਗ 176 ਵਰ੍ਹੇ ਮਗਰੋਂ ਇਸ ਘਟਨਾ ਦੇ ਪਸ਼ਚਾਤਾਪ ਵਜੋਂ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾ ਕੇ ਪਸ਼ਚਾਤਾਪ ਕੀਤਾ ਗਿਆ ਹੈ।
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸਿੱਖਾਂ ਨੂੰ ਹਮੇਸ਼ਾ ਵਿਰੋਧੀਆਂ ਦੀ ਚਾਲਾਂ ਦਾ ਸ਼ਿਕਾਰ ਹੋਣਾ ਪਿਆ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਅੰਗਰੇਜ਼ਾਂ ਨੇ ਸਿੱਖ ਰਾਜ ਨੂੰ ਖ਼ਤਮ ਕਰਨ ਲਈ ਡੋਗਰਿਆਂ ਨੂੰ ਆਪਣਾ ਹੱਥਠੋਕਾ ਬਣਾਇਆ, ਜਿਸ ਦਾ ਨਤੀਜਾ ਇਹ ਹੋਇਆ ਕਿ ਸਿੱਖ ਸੈਨਿਕਾਂ ਹੱਥੋਂ ਹੀ ਬਾਬਾ ਬੀਰ ਸਿੰਘ ਨੌਰੰਗਾਬਾਦੀ ਸਮੇਤ ਸਿੱਖ ਜਰਨੈਲਾਂ ਨੂੰ ਸ਼ਹੀਦ ਕਰਵਾ ਦਿੱਤਾ ਗਿਆ। 1844 ’ਚ ਜਦੋਂ ਇਹ ਘਟਨਾ ਵਾਪਰੀ, ਉਸ ਵੇਲੇ ਬਾਬਾ ਨੌਰੰਗਾਬਾਦੀ ਨੇ ਸਿੱਖ ਫ਼ੌਜੀਆਂ ਨੂੰ ਆਪਣੇ ਸਿੱਖ ਭਰਾ ਦੱਸਦਿਆਂ ਉਨ੍ਹਾਂ ’ਤੇ ਹਥਿਆਰ ਚੁੱਕਣ ਤੋਂ ਮਨ੍ਹਾਂ ਕਰ ਦਿੱਤਾ ਸੀ। ਡੋਗਰਿਆਂ ਦੇ ਬਹਿਕਾਵੇ ’ਚ ਆਈ ਸਿੱਖ ਫ਼ੌਜ ਨੂੰ ਬਾਅਦ ਵਿੱਚ ‘ਗੁਰੂਮਾਰੀ ਫ਼ੌਜ’ ਦਾ ਨਾਂ ਦਿੱਤਾ ਗਿਆ ਸੀ। ਸਿੱਖ ਕੌਮ ਨੂੰ ਸੁਚੇਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਵੀ ਅਜਿਹੀਆਂ ਕਈ ਸਿੱਖ ਵਿਰੋਧੀ ਸ਼ਕਤੀਆਂ ਸਿੱਖਾਂ ਨੂੰ ਲੜਾ ਰਹੀਆਂ ਹਨ। ਇਸ ਲਈ ਸਿੱਖਾਂ ਨੂੰ ਭਰਾ ਮਾਰੂ ਜੰਗ ਤੋਂ ਬਚ ਕੇ ਇੱਕਜੁਟ ਹੋਣ ਦੀ ਲੋੜ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਪੰਜਾਬੀ ਮਾਂ ਬੋਲੀ ਨੂੰ ਜਾਣਬੁੱਝ ਕੇ ਅਣਦੇਖਿਆ ਕੀਤਾ ਜਾ ਰਿਹਾ ਹੈ। ਵਿਦੇਸ਼ਾਂ ’ਚ ਪ੍ਰਫੁੱਲਿਤ ਹੋ ਰਹੀ ਪੰਜਾਬੀ ਸਿਰਫ਼ ਸਿੱਖਾਂ ਦੀ ਮਾਂ ਬੋਲੀ ਨਹੀਂ ਸਗੋਂ ਸਮੂਹ ਪੰਜਾਬੀਆਂ ਦੀ ਭਾਸ਼ਾ ਹੈ, ਜਿਸਨੂੰ ਭਾਰਤ ਵਿੱਚ ਖ਼ਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ’ਚ ਸਿੱਖ ਖ਼ੁਦ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦੇ ਹਨ। ਸਮਾਗਮ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੂਬੀਰ ਸਿੰਘ, ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਅੇ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ ਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।