ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਅਪਰੈਲ
ਅੱਜ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਤੇਗ਼ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਅਰੰਭ ਕਰ ਦਿੱਤੇ ਗਏ ਹਨ। ਇਸ ਸਬੰਧੀ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਖੰਡ ਪਾਠ ਅਰੰਭ ਕੀਤੇ ਗਏ ਹਨ, ਜਿਨ੍ਹਾਂ ਦੇ ਭੋਗ ਪਹਿਲੀ ਮਈ ਨੂੰ ਪੈਣਗੇ ਤੇ ਮੁੱਖ ਸਮਾਗਮ ਹੋਵੇਗਾ। ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਫੁੱਲਾਂ ਦੀ ਸੁੰਦਰ ਸਜਾਵਟ ਅਤੇ ਦੀਪਮਾਲਾ ਵੀ ਕੀਤੀ ਗਈ ਹੈ। ਕਰੋਨਾ ਸੰਕਟ ਕਾਰਨ ਸ਼੍ਰੋਮਣੀ ਕਮੇਟੀ ਨੇ ਸ਼ਤਾਬਦੀ ਸਮਾਗਮ ਸੰਖੇਪ ਕਰ ਦਿੱਤੇ ਹਨ ਅਤੇ ਸੰਗਤ ਦੀ ਵੱਡੀ ਸ਼ਮੂਲੀਅਤ ਤੋਂ ਵੀ ਸੰਕੋਚ ਕੀਤਾ ਗਿਆ ਹੈ। ਸੰਗਤ ਨੂੰ ਸਿੱਧੇ ਪ੍ਰਸਾਰਣ ਰਾਹੀਂ ਸ਼ਤਾਬਦੀ ਸਮਾਗਮਾਂ ਨਾਲ ਜੁੜਨ ਦੀ ਅਪੀਲ ਕੀਤੀ ਗਈ ਹੈ। ਇਸ ਦੌਰਾਨ ਅੱਜ ਇੱਥੇ ਸੰਗਤ ਵੱਲੋਂ ਕੀਤੇ ਗਏ ਲਗਪਗ 20 ਹਜ਼ਾਰ ਸਹਿਜ ਪਾਠਾਂ ਦੇ ਭੋਗ ਵੀ ਪਾਏ ਗਏ। ਪਾਠ ਕਰਨ ਵਾਲੀ ਸੰਗਤ ਨੇ ਆਨਲਾਈਨ ਅਤੇ ਸਿੱਧੇ ਪ੍ਰਸਾਰਣ ਰਾਹੀਂ ਭੋਗ ਵਿੱਚ ਸ਼ਮੂਲੀਅਤ ਕੀਤੀ।
ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਅਖੰਡ ਪਾਠ ਦੀ ਅਰੰਭਤਾ ਕੀਤੀ, ਜਿਸ ਦੌਰਾਨ ਪੰਜ ਨਗਾਰਿਆਂ ’ਤੇ ਚੋਟ ਲਾਈ ਗਈ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਸਮਾਗਮ ਦੀ ਅਰੰਭਤਾ ਹੋਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਮੁੱਚੀ ਕੌਮ ਨੂੰ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਜੁੜਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਸਿੱਖ ਸੰਗਤ ਨੇ ਸਹਿਜ ਪਾਠ ਕਰ ਕੇ ਸ਼ਤਾਬਦੀ ਪ੍ਰਤੀ ਸ਼ਰਧਾ ਅਰਪਿਤ ਕੀਤੀ ਹੈ। ਕਰੋਨਾ ਸੰਕਟ ਕਾਰਨ ਇੱਥੇ ਸੰਗਤ ਦੀ ਸ਼ਮੂਲੀਅਤ ਨਾਂ-ਮਾਤਰ ਸੀ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਵੀ ਆਪਸੀ ਦੂਰੀ ਦੇ ਨਿਯਮਾਂ ਨੂੰ ਕਾਇਮ ਰੱਖਿਆ। ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਰਣਜੀਤ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ ਹਾਜ਼ਰ ਸਨ।
ਇਸੇ ਦੌਰਾਨ ਭਲਕੇ 30 ਅਪਰੈਲ ਨੂੰ ਸ਼ਤਾਬਦੀ ਸਮਾਗਮਾਂ ਸਬੰਧੀ ਸ੍ਰੀ ਅਕਾਲ ਤਖ਼ਤ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤਕ ਨਗਰ ਕੀਰਤਨ ਸਜਾਇਆ ਜਾਵੇਗਾ। ਸ਼ਤਾਬਦੀ ਸਬੰਧੀ ਸੋਨੇ ਅਤੇ ਚਾਂਦੀ ਦੇ ਯਾਦਗਾਰੀ ਸਿੱਕੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕਰਾਏ ਜਾ ਰਹੇ ਹਨ, ਜਿਨ੍ਹਾਂ ਨੂੰ ਭਲਕ ਤਕ ਜਾਰੀ ਕੀਤਾ ਜਾਵੇਗਾ। ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਵੀ ਯਾਦਗਾਰੀ ਡਾਕ ਟਿਕਟ, ਡਾਕ ਲਿਫਾਫਾ ਅਤੇ ਯਾਦਗਾਰੀ ਸਿੱਕੇ ਲਈ ਪ੍ਰਸਤਾਵਿਤ ਡਿਜ਼ਾਈਨ ਭੇਜ ਦਿੱਤਾ ਹੈ।
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਗੁਰੂ ਤੇਗ਼ ਬਹਾਦਰ ਦੀ ਚਰਨ ਛੋਹ ਪ੍ਰਾਪਤ ਧਰਤੀ ਅਤੇ ਸਿੱਖਾਂ ਦੇ ਚੌਥੇ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਗੁਰੂ ਤੇਗ਼ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਅੱਜ ਅਖੰਡ ਪਾਠ ਪ੍ਰਕਾਸ਼ ਹੋਣ ਨਾਲ ਆਰੰਭ ਹੋ ਗਏ ਹਨ। ਤਿੰਨ ਰੋਜ਼ਾ ਸਮਾਗਮਾਂ ਦੀ ਸ਼ੁਰੂਆਤ ਮੌਕੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸ਼ਮੂਲੀਅਤ ਕੀਤੀ। ਅਖੰਡ ਪਾਠਾਂ ਦੀ ਸ਼ੁਰੂਆਤ ਮੌਕੇ ਤਖ਼ਤ ਸਾਹਿਬ ਦੇ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ ਨੇ ਅਰਦਾਸ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਪ੍ਰੇਰਿਆ। ਉਨ੍ਹਾਂ ਨੇ ਸੰਗਤ ਨੂੰ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।
ਸ੍ਰੀ ਆਨੰਦਪੁਰ ਸਾਹਿਬ (ਬੀ.ਐੱਸ. ਚਾਨਾ): ਇੱਥੇ ਸਥਿਤ ‘ਵਿਰਾਸਤ-ਏ-ਖਾਲਸਾ’ ਨੂੰ ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਨੇ ਗੁਰੂ ਤੇਗ਼ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਰੰਗ ਬਿਰੰਗੀਆਂ ਲਾਈਟਾਂ ਨਾਲ ਖ਼ੂਬਸੂਰਤ ਢੰਗ ਨਾਲ ਰੁਸ਼ਨਾਇਆ ਹੈ। ਗੁਰੂ ਤੇਗ਼ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ‘ਵਿਰਾਸਤ-ਏ-ਖਾਲਸਾ’ ਦੀ ਇਮਾਰਤ ’ਤੇ ਵਧੀਆ ਢੰਗ ਨਾਲ ਲਾਈਟਾਂ ਲਗਾ ਕੇ ਤਿਉਹਾਰ ਵਰਗਾ ਨਜ਼ਾਰਾ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਕਰੋਨਾ ਮਹਾਮਾਰੀ ਕਾਰਨ ਵਿਰਾਸਤ-ਏ-ਖਾਲਸਾ ਨੂੰ ਸੰਗਤ ਲਈ ਬੰਦ ਕੀਤਾ ਜਾ ਚੁੱਕਿਆ ਹੈ ਪਰ ਰਾਹਗੀਰਾਂ ਨੂੰ ਲਾਈਟਾਂ ਨਾਲ ਸਜ਼ੇ ਵਿਰਾਸਤ-ਏ-ਖਾਲਸਾ ਨੂੰ ਵੇਖ ਕੇ ਅਲੌਕਿਕ ਨਜ਼ਾਰੇ ਦਾ ਅਹਿਸਾਸ ਹੁੰਦਾ ਹੈ। ਮੈਨੇਜਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵਿਰਾਸਤ-ਏ-ਖਾਲਸਾ ਨੂੰ ਇਸੇ ਤਰ੍ਹਾਂ ਰੁਸ਼ਨਾਇਆ ਗਿਆ ਸੀ।
ਵਰਚੁਅਲੀ ਅਰਦਾਸ ’ਚ ਸ਼ਾਮਲ ਹੋਣਗੇ ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਵਿਡ ਮਹਾਮਾਰੀ ਕਰਕੇ ਬਣੇ ਹਾਲਾਤ ਦੇ ਮੱਦੇਨਜ਼ਰ ਪਹਿਲੀ ਮਈ ਨੂੰ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਸੰਗਤ ਨਾਲ ਵਰਚੁਅਲ ਤੌਰ ’ਤੇ ਆਪਣੀ ਰਿਹਾਇਸ਼ ਤੋਂ ਅਰਦਾਸ ’ਚ ਸ਼ਾਮਲ ਹੋਣਗੇ। ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਗੁਰਪੁਰਬ ਸਮਾਗਮ ਸਵੇਰੇ 11 ਵਜੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਸਥਿਤ ਰਿਹਾਇਸ਼ ਤੋਂ ਆਰੰਭ ਹੋਣਗੇ, ਜਿਸ ਦੌਰਾਨ ਭਾਈ ਗੁਰਮੀਤ ਸਿੰਘ ਸ਼ਾਂਤ ਗੁਰਮਤਿ ਸੰਗੀਤ ਨਾਲ ਸੰਗਤ ਨੂੰ ਨਿਹਾਲ ਕਰਨਗੇ। ਇਸ ਪਿੱਛੋਂ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਸਵੇਰੇ 11:45 ਵਜੇ ਆਨੰਦ ਸਾਹਿਬ ਦੇ ਪਾਠ ਹੋਣਗੇ ਅਤੇ ਉਸ ਪਿੱਛੋਂ ਅਰਦਾਸ ਉਪਰੰਤ ਹੁਕਮਨਾਮਾ ਲਿਆ ਜਾਵੇਗਾ। ਸੈਰ ਸਪਾਟਾ ਮੰਤਰੀ ਆਪਣੀ ਰਿਹਾਇਸ਼ ਤੋਂ ਦੁਪਹਿਰ 12:05 ਵਜੇ ਸਵਾਗਤੀ ਭਾਸ਼ਨ ਦੇਣਗੇ। ਇਸ ਉਪਰੰਤ ਦੁਪਹਿਰ 12:10 ਵਜੇ ਮੁੱਖ ਮੰਤਰੀ ਸੰਬੋਧਨ ਕਰਨਗੇ। ਇਸ ਤੋਂ ਬਾਅਦ ਪੰਜਾਬ ਸਰਕਾਰ ਦੇ ਸਰਕਾਰੀ ਫੇਸਬੁੱਕ ਅਤੇ ਯੂਟਿਊਬ ਚੈਨਲਾਂ ’ਤੇ ਅਤੇ ਵੱਖ-ਵੱਖ ਟੀਵੀ ਚੈਨਲਾਂ/ਡਿਜੀਟਲ ਪਲੇਟਫਾਰਮਾਂ ’ਤੇ ਵਿਸ਼ੇਸ਼ ਗੁਰਬਾਣੀ ਕੀਰਤਨ/ਗੁਰਮਤਿ ਸੰਗੀਤ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਆਰੰਭ ਹੋਵੇਗਾ। ਮੁੱਖ ਮੰਤਰੀ ਨੇ ਲੋਕਾਂ ਨੂੰ ਇਹ ਸਮਾਗਮ ਟੀਵੀ ਉੱਤੇ ਵੇਖ ਕੇ ਆਪਣੇ ਘਰਾਂ ਤੋਂ ਹੀ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਅਤੇ ਇਸ ਹੰਗਾਮੀ ਹਾਲਤ ਦੇ ਮੱਦੇਨਜ਼ਰ ਧਾਰਮਿਕ ਥਾਵਾਂ ’ਤੇ ਇਕੱਠ ਨਾ ਕਰਨ ਦੀ ਅਪੀਲ ਕੀਤੀ ਸੀ। -ਟਨਸ
ਪੰਜਾਬ ਸਰਕਾਰ ਵੱਲੋਂ ਪਹਿਲੀ ਮਈ ਨੂੰ ਛੁੱਟੀ ਦਾ ਐਲਾਨ
ਪੰਜਾਬ ਸਰਕਾਰ ਨੇ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪਹਿਲੀ ਮਈ, 2021 ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਅਧਿਸੂਚਨਾ ਜਾਰੀ ਕੀਤੀ ਗਈ ਹੈ। ਬੁਲਾਰੇ ਅਨੁਸਾਰ ਇਹ ਛੁੱਟੀ ਨੈਗੋਸੀਏਬਲ ਇੰਸਟਰੂਮੈਂਟ ਐਕਟ-1881 ਦੀ ਧਾਰਾ 25 ਤਹਿਤ ਵੀ ਹੋਵੇਗੀ।