ਜਸਵੰਤ ਜੱਸ
ਫ਼ਰੀਦਕੋਟ, 11 ਅਗਸਤ
ਜਾਪਾਨ ਦੇ ਸ਼ਹਿਰ ਟੋਕੀਓ ਵਿੱਚ ਹੋਈਆਂ ਓਲੰਪਿਕ ਖੇਡਾਂ ਦੌਰਾਨ ਹਾਕੀ ਟੀਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਅੱਜ ਆਪਣੇ ਜੱਦੀ ਸ਼ਹਿਰ ਫ਼ਰੀਦਕੋਟ ਪੁੱਜੇ ਹਾਕੀ ਟੀਮ ਦੇ ਡਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ।
ਜ਼ਿਲ੍ਹਾ ਖੇਡ ਵਿਭਾਗ ਅਤੇ ਹਾਕੀ ਕਲੱਬ ਫ਼ਰੀਦਕੋਟ ਨੇ ਸੁਆਗਤੀ ਸਮਾਗਮਾਂ ਦੀ ਪ੍ਰਧਾਨਗੀ ਕੀਤੀ। ਸੈਂਕੜੇ ਸ਼ਹਿਰ ਵਾਸੀ ਕਾਫ਼ਲੇ ਦੇ ਰੂਪ ਵਿੱਚ ਰੁਪਿੰਦਰ ਪਾਲ ਸਿੰਘ ਨੂੰ ਉਸ ਦੇ ਘਰ ਛੱਡ ਕੇ ਆਏ। ਹਾਕੀ ਦੇ ਕੋਚ ਪ੍ਰੋ. ਹਰਬੰਸ ਸਿੰਘ ਅਤੇ ਹਾਕੀ ਕਲੱਬ ਦੇ ਆਗੂ ਹਰਦੇਵ ਸਿੰਘ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਨੇ ਦੇਸ਼ ਦਾ ਨਾਮ ਉੱਚਾ ਕੀਤਾ ਹੈ ਅਤੇ ਇਸ ਵਿੱਚ ਰੁਪਿੰਦਰ ਪਾਲ ਸਿੰਘ ਨੇ ਵੱਡਾ ਯੋਗਦਾਨ ਪਾਇਆ ਹੈ। ਗ਼ਰੀਬ ਪਰਿਵਾਰ ਵਿੱਚ ਜਨਮੇ ਰੁਪਿੰਦਰ ਪਾਲ ਸਿੰਘ ਨੇ ਦੇਸ਼ ਲਈ ਹੁਣ ਤੱਕ 25 ਕੌਮਾਂਤਰੀ ਮੈਚ ਖੇਡੇ ਹਨ ਅਤੇ ਦੂਜੀ ਵਾਰ ਓਲੰਪਿਕ ਖੇਡ ਕੇ ਆਇਆ ਹੈ।
ਰੁਪਿੰਦਰ ਪਾਲ ਸਿੰਘ ਦੇ ਭਰਾ ਅਮਰਬੀਰ ਸਿੰਘ ਨੇ ਕਿਹਾ ਕਿ ਰੁਪਿੰਦਰ ਪਾਲ ਨੂੰ ਪੂਰਾ ਪਰਿਵਾਰ ਅਤੇ ਰਿਸ਼ਤੇਦਾਰ ਬੇਸਬਰੀ ਨਾਲ ਉਡੀਕ ਰਹੇ ਸਨ। ਰੁਪਿੰਦਰ ਪਾਲ ਸਿੰਘ ਦੇ ਪਿਤਾ ਹਰਿੰਦਰ ਸਿੰਘ ਅਤੇ ਮਾਂ ਸੁਖਵਿੰਦਰ ਕੌਰ ਨੇ ਕਿਹਾ ਕਿ ਰੁਪਿੰਦਰ ਪਾਲ ਨੇ ਵਾਅਦਾ ਕੀਤਾ ਸੀ ਕਿ ਓਲੰਪਿਕ ਵਿੱਚ ਮੈਡਲ ਜਿੱਤਣ ਤੋਂ ਬਾਅਦ ਉਹ ਵਿਆਹ ਕਰਵਾਏਗਾ ਤੇ ਹੁਣ ਉਹ ਰੁਪਿੰਦਰ ਨੂੰ ਵਿਆਹ ਲਈ ਮਨਾਉਣਗੇ।
ਹਾਕੀ ਹੀ ਮੇਰੀ ਜ਼ਿੰਦਗੀ: ਰੁਪਿੰਦਰਪਾਲ
ਰੁਪਿੰਦਰਪਾਲ ਨੇ ਕਿਹਾ ਕਿ ਹਾਕੀ ਹੁਣ ਉਸ ਦੀ ਜ਼ਿੰਦਗੀ ਹੈ ਅਤੇ ਉਹ ਅਗਲੀ ਵਾਰ ਸੋਨੇ ਦਾ ਤਗ਼ਮਾ ਜਿੱਤਣ ਲਈ ਹੁਣੇ ਤੋਂ ਹੀ ਕੋਸ਼ਿਸ਼ਾਂ ਸ਼ੁਰੂ ਕਰ ਰਹੇ ਹਨ। ਇਸ ਦੌਰਾਨ ਡੀਸੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਹਾਕੀ ਖਿਡਾਰੀ ਰੁਪਿੰਦਰਪਾਲ ਸਿੰਘ ਦੇ ਸਨਮਾਨ ਵਿੱਚ ਫ਼ਰੀਦਕੋਟ ਸ਼ਹਿਰ ਦੀ ਪ੍ਰਮੁੱਖ ਸੜਕ ਦਾ ਨਾਂ ਰੁਪਿੰਦਰਪਾਲ ਸਿੰਘ ਦੇ ਨਾਮ ’ਤੇ ਰੱਖਿਆ ਜਾਵੇਗਾ।