ਰਾਮ ਸਰਨ ਸੂਦ
ਅਮਲੋਹ, 30 ਅਗਸਤ
ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਵੱਖ-ਵੱਖ ਮੰਦਰਾਂ ਵਿੱਚ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਨ੍ਹਾਂ ਸਮਾਗਮਾਂ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਅਮਲੋਹ ਦੇ ਸੀਨੀਅਰ ਆਗੂ ਐਡਵੋਕੇਟ ਗੁਰਿੰਦਰ ਸਿੰਘ ਸ਼ੇਰਗਿੱਲ ਹਰੀਪੁਰ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੰਦਿਰਾਂ ਵਿੱਚ ਭਗਵਾਨ ਕ੍ਰਿਸ਼ਨ ਦੀ ਪੂਜਾ ਕੀਤੀ ਗਈ ਅਤੇ ਉਨ੍ਹਾਂ ਦੇ ਜੀਵਨ ਨੂੰ ਦਰਸਾਉਂਦੀਆਂ ਝਾਂਕੀਆਂ ਪੇਸ਼ ਕੀਤੀਆਂ ਗਈਆਂ।
ਇਸੇ ਦੌਰਾਨ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਅਤੇ ਸ੍ਰੀ ਰਾਮ ਬਾਗ਼ ਮੰਦਿਰ ਅਮਲੋਹ ਵਿਖੇ ਸਮਗਾਮ ਵਿਚ ਵਿਧਾਇਕ ਰਣਦੀਪ ਸਿੰਘ ਦੇ ਨਿੱਜੀ ਸਕੱਤਰ ਰਾਮ ਕ੍ਰਿਸ਼ਨ ਭੱਲਾ ਸ਼ਾਮਲ ਹੋਏ। ਸ੍ਰੀ ਭੱਲਾ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਦਿਆਂ ਇਨ੍ਹਾਂ ਨੂੰ ਰਲ-ਮਿਲ ਕੇ ਮਨਾਉਣਾ ਚਾਹੀਦਾ ਹੈ।
ਪੰਚਕੂਲਾ (ਪੀ ਪੀ ਵਰਮਾ): ਇੱਥੇ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸੈਕਟਰ-6 ਦਾ ਲਕਸ਼ਮੀ ਨਾਰਾਇਣ ਮੰਦਰ, ਸੈਕਟਰ-2 ਦਾ ਰਾਮ ਮੰਦਰ, ਸੈਕਟਰ-15, ਤੇ ਸੈਕਟਰ-20 ਦੇ ਮੰਦਰ ਲਾਈਟਾਂ ਨਾਲ ਸਜਾਏ ਗਏ ਸਨ। ਸੈਕਟਰ-6 ਦੇ ਲਕਸ਼ਮੀ ਨਰਾਇਣ ਮੰਦਰ ਵੱਲੋਂ ਕ੍ਰਿਸ਼ਨ ਜਨਮ ਅਸ਼ਟਮੀ ਨਾਲ ਸਬੰਧਤ ਝਾਕੀਆਂ ਕੱਢੀਆਂ ਗਈਆਂ ਅਤੇ ਕ੍ਰਿਸ਼ਨ ਲੀਲਾਵਾਂ ’ਤੇ ਅਧਾਰਤ ਪ੍ਰੋਗਰਾਮ ਕੀਤੇ ਗਏ। ਇਸੇ ਤਰ੍ਹਾਂ ਹਾਊਸਿੰਗ ਸੁਸਾਇਟੀਆਂ ਵਿੱਚ ਬਣੇ ਮੰਦਰਾਂ ਨੂੰ ਵੀ ਸਜਾਇਆ ਗਿਆ ਸੀ, ਜਿਨ੍ਹਾਂ ਵਿੱਚ ਲੋਕਾਂ ਨੇ ਸਵੇਰ ਤੋਂ ਸ਼ਾਮ ਤੱਕ ਮੱਥਾ ਟੇਕਿਆ। ਜ਼ਿਲ੍ਹਾ ਪੁਲੀਸ ਵੱਲੋਂ ਵੀ ਜਨਮ ਅਸ਼ਟਮੀ ਨੂੰ ਲੈ ਕੇ ਵਿਆਪਕ ਪ੍ਰਬੰਧ ਕੀਤੇ ਹੋਏ ਸਨ। ਇਸੇ ਤਰ੍ਹਾਂ ਪਿੰਜੌਰ, ਕਾਲਕਾ, ਰਾਏਪੁਰਰਾਣੀ, ਮੋਰਨੀ, ਬਰਵਾਲਾ ਤੇ ਰਾਮਗੜ੍ਹ ਵਿੱਚ ਵੀ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ।
ਮੰਡੀ ਗੋਬਿੰਦਗੜ੍ਹ (ਹਿਮਾਂਸ਼ੂ ਸੂਦ): ਸੇਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਜਲਾਲਪੁਰ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਜਨਮ ਅਸ਼ਟਮੀ ਨਾਲ ਸਬੰਧਤ ਕਵਿਤਾਵਾਂ ਗਾਈਆਂ ਗਈਆਂ ਤੇ ਦਹੀ ਹਾਂਡੀ ਦਾ ਤਿਉਹਾਰ ਵੀ ਮਨਾਇਆ ਗਿਆ। ਬੱਚਿਆਂ ਵੱਲੋਂ ਜਨਮ ਅਸ਼ਟਮੀ ਦੇ ਸੰਦੇਸ਼ ਨੂੰ ਦਰਸਾਉਂਦਾ ਨਾਟਕ ਵੀ ਖੇਡਿਆ ਗਿਆ। ਸਕੂਲ ਮੁਖੀ ਦਿੱਵਿਆ ਮਹਿਤਾ ਅਤੇ ਐੱਮਡੀ ਜੇ ਐੱਸ ਜੌਲੀ ਨੇ ਵਿਦਿਆਰਥੀਆਂ ਨੂੰ ਜਨਮ ਅਸ਼ਟਮੀ ਦੇ ਦਿਨ ਦੇ ਮਹੱਤਵ ਅਤੇ ਭਗਵਾਨ ਕ੍ਰਿਸ਼ਨ ਦੇ ਜੀਵਨ ਬਾਰੇ ਦੱਸਿਆ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਜਨਮ ਅਸ਼ਟਮੀ ਮੌਕੇ ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ ਮੁੱਲਾਂਪੁਰ ਗਰੀਬਦਾਸ ਅਤੇ ਨਵਾਂ ਗਾਉਂ, ਕਾਂਸਲ, ਤੀੜਾ ਸਮੇਤ ਹੋਰਨਾਂ ਪਿੰਡਾਂ ਵਿੱਚ ਕਈ ਥਾਵਾਂ ’ਤੇ ਮੰਦਰਾਂ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ। ਸਮਾਗਮਾਂ ਦੌਰਾਨ ਗਾਇਕਾਂ ਨੇ ਭਜਨ ਪੇਸ਼ ਕੀਤੇ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਜਨਮ ਅਸ਼ਟਮੀ ਮੌਕੇ ਖਮਾਣੋਂ ਦੇ ਸੀਤਾ ਰਾਮ ਮੰਦਰ (ਵਿਜੇ ਕਲੋਨੀ) ਖਮਾਣੋਂ ਤੋਂ ਗੋਬਿੰਦ ਗਊਧਾਮ ਗਊਸ਼ਾਲਾ ਖਮਾਣੋਂ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਪਹੁੰਚੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਇਲਾਕਾ ਵਾਸੀਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਖਰੜ (ਪੱਤਰ ਪ੍ਰੇਰਕ): ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿੱਚ ਜਨਮ ਅਸ਼ਟਮੀ ਸਮਾਗਮ ਮੌਕੇ ਵਿਦਿਆਰਥੀਆਂ ਨੇ ਕਈ ਖ਼ੂਬਸੂਰਤ ਪੇਸ਼ਕਾਰੀਆਂ ਕੀਤੀਆਂ। ਡਾ. ਰਜਨੀਸ਼ ਤਲਵਾੜ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਪਹੁੰਚੇ ਮਹਿਮਾਨਾਂ ਦਾ ਯਾਦਗਾਰੀ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ।
ਮੋਰਿੰਡਾ (ਪੱਤਰ ਪ੍ਰੇਰਕ): ਸਨਾਤਨ ਧਰਮ ਮੰਦਿਰ ਮੋਰਿੰਡਾ ਵਿੱਚ ਜਨਮ ਅਸ਼ਟਮੀ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਿਰ ਵਿੱਚ ਨਤਮਸਤਕ ਹੋਏ। ਪਿੰਡ ਸੰਘੋਲ ਦੇ ਮੰਦਿਰਾਂ ਵਿੱਚ ਵੀ ਸ਼ਰਧਾਲੂਆਂ ਦੀ ਰੌਣਕ ਲੱਗੀ ਰਹੀ।