ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਅਗਸਤ
ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦੀ 29ਵੀਂ ਬਰਸੀ ਮੌਕੇ ਅੱਜ ਇੱਥੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਮੁੱਖ ਦਫ਼ਤਰ ਵਿੱਚ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵੱਲੋਂ 25 ਜੁਲਾਈ ਨੂੰ ਰੱਖੇ ਗਏ ਸਹਿਜ ਪਾਠ ਦੇ ਭੋਗ ਪਾਏ ਗਏ। ਭਾਈ ਜਸਬੀਰ ਸਿੰਘ ਦੇ ਰਾਗੀ ਜਥੇ ਅਤੇ ਪਿੰਗਲਵਾੜਾ ਸੰਸਥਾ ਦੇ ਬੱਚਿਆਂ ਨੇ ਕੀਰਤਨ ਕੀਤਾ। ਇਸ ਮੌਕੇ ਵਾਤਾਵਰਨ ਪ੍ਰੇਮੀ ਮਰਹੂਮ ਸੁੰਦਰ ਲਾਲ ਬਹੁਗੁਣਾ ਅਤੇ ਉਨ੍ਹਾਂ ਦੀ ਪਤਨੀ ਵਿਮਲਾ ਬਹੁਗੁਣਾ ਨੂੰ ਵਾਤਾਵਰਨ ਦੀ ਸੰਭਾਲ ਅਤੇ ਸਮਾਜ ਸੇਵਾ ਬਦਲੇ ‘ਭਗਤ ਪੂਰਨ ਸਿੰਘ ਮਾਨਵ ਸੇਵਾ ਐਵਾਰਡ’ ਨਾਲ ਸਨਮਾਨਿਆ ਗਿਆ, ਜੋ ਕਿ ਉਨ੍ਹਾਂ ਦੀ ਧੀ ਡਾ. ਮਧੂ ਪਾਠਕ ਨੇੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਅਮਰੀਕ ਸਿੰਘ ਅਤੇ ਸਮਾਜ ਸੇਵੀ ਈ-ਰਿਕਸ਼ਾ ਚਾਲਕ ਰਾਜਬੀਰ ਸਿੰਘ ਨੂੰ ਵੀ ਸਨਮਾਨਿਆ ਗਿਆ।
ਗੁਰਚਰਨ ਸਿੰਘ ਨੂਰਪੁਰ ਨੇ ਪਾਣੀ ਅਤੇ ਰੁੱਖਾਂ ਦੀ ਸੰਭਾਲ ’ਤੇ ਜ਼ੋਰ ਦਿੱਤਾ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ 6 ਪੁਸਤਕਾਂ ਲੋਕ ਅਰਪਿਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਮੁਖਤਾਰ ਸਿੰਘ ਦੀ ਲਿਖੀ ਪੁਸਤਕ ‘ਸ੍ਰੀ ਗੁਰੂ ਨਾਨਕ ਦੇਵ ਜੀ ਸਰਬ-ਸਾਂਝੇ ਮਾਰਗ-ਦਰਸ਼ਕ’, ਡਾ. ਇੰਦਰਜੀਤ ਕੌਰ ਦੀ ਪੁਸਤਕ ‘ਲੱਗੀ ਅੱਗ ਪੰਜਾਬ ਦੇ ਪਾਣੀਆਂ ਨੂੰ’ ਅਤੇ ਹਿੰਦੀ ਦੀ ਪੁਸਤਕ ‘ਕੁਦਰਤ ਕੋ ਨਿਗਲਣੇ ਕਾ ਰੁਝਾਨ’, ਡਾ. ਸ਼ਾਮ ਸੁੰਦਰ ਦੀਪਤੀ ਦੀ ਪੁਸਤਕ ‘ਕੁਦਰਤ ਦਾ ਹਾਣੀ ਭਗਤ ਪੂਰਨ ਸਿੰਘ’ ਅਤੇ ਪਰਮਿੰਦਰ ਸਿੰਘ ਭੱਟੀ ਦਾ ਕਿਤਾਬਚਾ ‘ਸ੍ਰੀ ਸੁੰਦਰ ਲਾਲ ਬਹੁਗੁਣਾ’ ਆਦਿ ਸ਼ਾਮਲ ਸਨ।
ਇਸ ਮੌਕੇ ਪਿੰਗਲਵਾੜਾ ਦੀ ਮੁਖੀ ਡਾ. ਇੰਦਰਜੀਤ ਕੌਰ, ਸਰਪ੍ਰਸਤ ਭਗਵੰਤ ਸਿੰਘ ਦਿਲਾਵਰੀ, ਡਾ. ਜਗਦੀਪਕ ਸਿੰਘ, ਪ੍ਰੀਤਇੰਦਰਜੀਤ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।