ਕੁਲਦੀਪ ਸਿੰਘ
ਚੰਡੀਗੜ੍ਹ, 13 ਅਪਰੈਲ
ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਅੱਜ ਸ਼ਹਿਰ ਵਿੱਚ ਵੱਖ-ਵੱਖ ਥਾਈਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜਾਏ ਗਏ। ਗੁਰਦੁਆਰਾ ਕਲਗੀਧਰ ਖੇੜੀ ਸੈਕਟਰ 20-ਸੀ ਚੰਡੀਗੜ੍ਹ ਵਿੱਚ ਵੀ ਅੱਜ ਦਾ ਦਿਨ ਬੜੀ ਸ਼ਰਧਾ ਨਾਲ ਮਨਾਇਆ ਗਿਆ। ਦੀਵਾਨ ਦੀ ਸ਼ੁਰੂਆਤ ਵਿੱਚ ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਉਪਰੰਤ ਆਸਾ ਕੀ ਵਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਹਜ਼ੂਰੀ ਰਾਗੀ ਵੱਲੋਂ ਕੀਤੀ ਗਈ। ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਗੁਰਇੰਦਰ ਬੀਰ ਸਿੰਘ ਹੈਪੀ, ਹੁਕਮ ਸਿੰਘ ਜਨਰਲ ਸਕੱਤਰ, ਹਰਮੀਤ ਸਿੰਘ, ਗੁਰਪ੍ਰੀਤ ਸਿੰਘ, ਮਹਿੰਦਰ ਸਿੰਘ, ਬਲਜਿੰਦਰ ਸਿੰਘ, ਸੁੱਖਵਿੰਦਰ ਸਿੰਘ ਨੇ ਦੱਸਿਆ ਕਿ ਕੀਰਤਨ ਦੀਵਾਨਾਂ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜੱਥਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਭਾਈ ਸੁਰਿੰਦਰ ਸਿੰਘ ਨਛੱਤਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਦਵਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਹਾਜ਼ਰੀ ਭਰੀ। ਬੀਬੀ ਬਲਵੰਤ ਕੌਰ ਇਸਤਰੀ ਸਤਿਸੰਗ ਜੱਥਾ ਸੈਕਟਰ-20 ਭਾਈ ਕੁਲਦੀਪ ਸਿੰਘ ਚੰਡੀਗੜ੍ਹ ਵਾਲਿਆਂ ਨੇ ਵੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ।
ਰੂਪਨਗਰ (ਪੱਤਰ ਪ੍ਰੇਰਕ): ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰੈਲਮਾਜਰਾ ਵਿੱਚ ਵਿਸਾਖੀ ਦਾ ਤਿਉਹਾਰ ਆਨਲਾਈਨ ਮਨਾਇਆ ਗਿਆ। ਰਿਆਤ ਕਾਲਜ ਆਫ ਐਜੂਕੇਸ਼ਨ ਵੱਲੋਂ ਕਰਵਾਏ ਗਏ ਪ੍ਰੋਗਰਾਮ ਬਾਰੇ ਦੱਸਦੇ ਹੋਏ ਕਾਲਜ ਪ੍ਰਿੰਸੀਪਲ ਡਾ ਜਗਦੀਪ ਕੌਰ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਦੇ ਚਾਰਟ ,ਪੋਸਟਰ ਮੇਕਿੰਗ, ਬੈਸਟ ਆਊਟ ਆਫ਼ ਬੈਸਟ, ਪ੍ਰੰਪਰਾਗਤ ਪਹਿਰਾਵੇ ਅਤੇ ਹੋਰ ਮੁਕਾਬਲੇ ਕਰਵਾਏ ਗਏ। ਇਸੇ ਤਰ੍ਹਾਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਸੋਲਖੀਆਂ ਵਿੱਚ ਖਾਲਸਾ ਸਾਜਨਾ ਦਿਵਸ ਅਤੇ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਾਮਗਮ ਗੁਰਦੁਆਰਾ ਸਾਹਿਬ ਦੀ ਮੁੱਖ ਪ੍ਰਬੰਧਕ ਬੀਬਾ ਕਮਲਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ।
ਬਨੂੜ (ਪੱਤਰ ਪ੍ਰੇਰਕ): ਇਸ ਖੇਤਰ ਵਿੱਚ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਉਤਸ਼ਾਹ ਅਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ। ਇੱਥੋਂ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿੱਚ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਦਿਲਬਾਗ ਸਿੰਘ ਬਾਗਾ ਦੀ ਅਗਵਾਈ ਹੇਠ ਹੋਏ ਵਿਸ਼ੇਸ਼ ਸਮਾਗਮ ਵਿੱਚ ਭੋਗਾਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਇਸੇ ਤਰ੍ਹਾਂ ਗੁਰਦੁਆਰਾ ਈਸ਼ਰ ਪ੍ਰਕਾਸ਼, ਰਹਿਮਤਸਰ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਆਦਿ ਵਿੱਚ ਵੀ ਭੋਗ ਉਪਰੰਤ ਦੀਵਾਨ ਸਜੇ।
ਘਨੌਲੀ (ਪੱਤਰ ਪ੍ਰੇਰਕ): ਅੱਜ ਇੱਥੋਂ ਨੇੜਲੇ ਪਿੰਡ ਅਲੀਪੁਰ ਦੇ ਵਸਨੀਕਾਂ ਵੱਲੋਂ ਵਿਸਾਖੀ ਦੇ ਤਿਉਹਾਰ ਦੇ ਸਬੰਧ ਵਿੱਚ ਨੈਸ਼ਨਲ ਹਾਈਵੇਅ ’ਤੇ ਲੰਗਰ ਲਗਾਇਆ ਗਿਆ।
ਕਿਸਾਨ ਯੂਨੀਅਨਾ ਨੇ ਵੱਖੋ-ਵੱਖਰੀ ਵਿਸਾਖੀ ਮਨਾਈ
ਲਾਲੜੂ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਲਾਲੜੂ ਇਲਾਕੇ ਵਿੱਚ ਦੋ ਥਾਵਾਂ ’ਤੇ ਕਿਸਾਨਾ ਵਲੋਂ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਇਕ ਕਿਸਾਨ ਯੂਨੀਅਨ ਵੱਲੋਂ ਟੌਲ ਪਲਾਜ਼ਾ ਦੱਪਰ ਤੇ ਧਾਰਮਿਕ ਪ੍ਰੋਗਰਾਮ ਅਤੇ ਦੂਜੀ ਯੂਨੀਅਨ ਵੱਲੋਂ ਮਹਾਰਣਾ ਪ੍ਰਤਾਪ ਭਵਨ ਵਿੱਚ ਵਿਸਾਖੀ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਕਿਸਾਨ ਆਗੂਆਂ ਨੇ ਸ਼ਿਰਕਤ ਕੀਤੀ। ਮਹਾਰਾਣਾ ਪ੍ਰਤਾਪ ਭਵਨ ਵਿੱਚ ਹੋਏ ਪ੍ਰੋਗਰਾਮ ਅੰਦਰ ਵਿਸ਼ੇਸ਼ ਤੌਰ ’ਤੇ ਹਲਕਾ ਵਿਧਾਇਕ ਐਨ.ਕੇ.ਸਰਮਾ, ਆਪ ਆਗੂ ਕੁਲਜੀਤ ਸਿੰਘ ਰੰਧਾਵਾ ਨੇ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਵਿਸਾਖੀ ਦੇ ਤਿਉਹਾਰ ਦੀ ਵਧਾਈ ਦਿੱਤੀ।
‘ਖਣਨ ਮਾਫੀਏ’ ਦੀ ਭੇਟ ਚੜਿਆ ਦੋਮੇਲ ਦਾ ਵਿਸਾਖੀ ਮੇਲਾ
ਨੂਰਪੁਰ ਬੇਦੀ (ਪੱਤਰ ਪ੍ਰੇਰਕ): ਨੂਰਪੁਰ ਬੇਦੀ ਤੋਂ ਸ੍ਰੀ ਆਨੰਦਪੁਰ ਸਾਹਿਬ ਮੁੱਖ ਸੜਕ ’ਤੇ ਪਿੰਡ ਸੰਗਤਪੁਰ ਨਜ਼ਦੀਕ ਚਲਦੀ ਸੁਆਂ ਨਦੀ ਤੇ ਸਤਲੁਜ ਦਰਿਆ ’ਤੇ ਬਣੇ ਸੰਤ ਮਹਿੰਦਰ ਸਿੰਘ ਹਰਖੋਵਾਲ ਪੁਲ ਨੇੜੇ ਲੱਗਣ ਵਾਲੀ ਵਿਸਾਖੀ ਇਸ ਵਾਰ ‘ਖਣਨ ਮਾਫੀਏ’ ਦੀ ਭੇੇਟ ਚੜ੍ਹ ਗਈ। ਇਥੇ ਲੋਕਾਂ ਦੀ ਆਮਦ ਘੱਟ ਦੇਖਣ ਨੂੰ ਮਿਲੀ। ਦੱਸਣਯੋਗ ਹੈ ਕਿ ਦੋਮੇਲ ’ਤੇ ਕਿਸੇ ਸਮੇਂ ਸੁਆਂ ਨਦੀ ਵਿੱਚ ਕਾਫੀ ਪਾਣੀ ਹੁੰਦਾ ਸੀ ਸਤੁਲਜ ਦਰਿਆ ਵੀ ਆਪਣੇ ਪੂਰੇ ਜੋਬਨ ’ਤੇ ਹੁੰਦਾ ਸੀ ਤੇ ਦੂਰੋ ਦੂਰੋ ਲੋਕ ਵਿਸਾਖੀ ਵਾਲੇ ਦਿਨ ਇਥੇ ਆ ਕੇ ਇਸ਼ਨਾਨ ਕਰਦੇ ਸਨ। ਹੁਣ ਸੁਆਂ ਨਦੀ ’ਚ ਪਾਣੀ ‘ਖਣਨ ਮਾਫੀਏ’ ਨੇ ਸੁਕਾ ਦਿੱਤਾ ਹੈ ਤੇ ਸਤਲੁਜ ਦਾ ਪਾਣੀ ਨਵੀਂ ਨਹਿਰ ਵਿੱਚ ਪਾ ਦਿੱਤਾ ਗਿਆ ਹੈ। ਇੱਕ ਦੁਕਾਨਦਾਰ ਨੇ ਦੱਸਿਆ ਕਿ ਉਹ ਸਵੇਰ ਤੋਂ ਵਿਹਲੇ ਬੈਠੇ ਹਨ ਕੋਈ ਪੈਸਾ ਨਹੀਂ ਵੱਟਿਆ। ‘ਆਪ’ ਦੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਐਡਵੋਕੇਟ ਦਿਨੇਸ਼ ਚੱਢਾ ਤੇ ਮੀਤ ਪ੍ਰਧਾਨ ਐਡਵੋਕੇਟ ਵਿਸ਼ਾਲ ਸੈਣੀ ਨੇ ਕਿਹਾ ਕਿ ਜੇਕਰ ਖੇਤਰ ਦੀ ਨਾਜਾਇਜ਼ ਮਾਈਨਿੰਗ ਜੋ ਸੁਆਂ ਤੇ ਸਤਲੁਜ ਦਰਿਆ ਵਿੱਚ ਕੀਤੀ ਜਾ ਰਹੀ ਹੈ ਉਹ ਪੱਕੇ ਤੌਰ ’ਤੇ ਬੰਦ ਕੀਤਾ ਜਾਵੇ ਤਾਂ ਇਸੇ ਖੇਤਰ ਵਿੱਚ ਰੋਣਕਾਂ ਮੁੜ ਪਰਤ ਸਕਦੀਆਂ ਹਨ।
ਕਰੋਨਾਵਾਇਰਸ ਕਾਰਨ ਘੱਟ ਜੁੜੀ ਸੰਗਤ
ਐਸ.ਏ.ਐਸ. ਨਗਰ (ਮੁਹਾਲੀ)(ਪੱਤਰ ਪ੍ਰੇਰਕ): ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਮੱਦੇਨਜ਼ਰ ਅੱਜ ਮੁਹਾਲੀ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਗੁਰਦੁਆਰਿਆਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਕਰੋਨਾਵਾਇਰਸ ਦੇ ਚੱਲਦਿਆਂ ਗੁਰੂ ਘਰਾਂ ਵਿੱਚ ਸੰਗਤ ਘੱਟ ਜੁੜੀ। ਇੱਥੋਂ ਦੇ ਫੇਜ਼-5 ਸਥਿਤ ਗੁਰਦੁਆਰਾ ਸ੍ਰੀ ਸਾਹਿਬਵਾੜਾ ਪਾਤਸ਼ਾਹੀ ਨੌਵੀਂ ਵਿੱਚ ਖ਼ਾਲਸਾ ਸਾਜਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸੇ ਤਰ੍ਹਾਂ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਗੁਰਦੁਆਰਾ ਕਲਗੀਧਰ ਸਾਹਿਬ ਫੇਜ਼-4, ਗੁਰਦੁਆਰਾ ਸ੍ਰੀ ਸਿੰਘ ਸਭਾ ਫੇਜ਼-1, ਫੇਜ਼-2, ਫੇਜ਼-6, ਫੇਜ਼-11, ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਫੇਜ਼-9, ਗੁਰਦੁਆਰਾ ਚਰਨਕਮਲ ਸਾਹਿਬ ਫੇਜ਼-10, ਇਤਿਹਾਸਕ ਗੁਰਦੁਆਰਾ ਫਤਿਹ-ਏ-ਜੰਗ ਚੱਪੜਚਿੜੀ, ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼-3ਬੀ1 ਅਤੇ ਗੁਰਦੁਆਰਾ ਸ੍ਰੀ ਸਿੰਘ ਸਭਾ ਸੈਕਟਰ-70, ਸੈਕਟਰ-78, ਸੈਕਟਰ-66, ਸੈਕਟਰ-69 ਸਮੇਤ ਹੋਰਨਾਂ ਥਾਵਾਂ ’ਤੇ ਵੀ ਧਾਰਮਿਕ ਅਸਥਾਨਾਂ ਵਿੱਚ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ।