ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 10 ਅਪਰੈਲ
ਡੇਰਾ ਸਿਰਸਾ ਦੇ 74ਵੇਂ ‘ਸਥਾਪਨਾ ਦਿਵਸ’ ਮੌਕੇ ਡੇਰਾ ਪ੍ਰੇਮੀਆਂ ਵੱਲੋਂ ਅੱਜ ਆਪਣੇ ਪੰਜਾਬ ਵਿਚਲੇ ਪ੍ਰਮੁੱਖ ਡੇਰਾ ਸਲਾਬਤਪੁਰਾ ਵਿੱਚ ਭੰਡਾਰੇ ਦੇ ਰੂਪ ’ਚ ਵੱਡੀ ਨਾਮ ਚਰਚਾ ਕੀਤੀ ਗਈ। ਇਸ ਸਮਾਗਮ ਵਿੱਚ ਪੰਜਾਬ ਦੇ 22 ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ’ਚ ਡੇਰਾ ਪ੍ਰੇਮੀਆਂ ਨੇ ਹਾਜ਼ਰੀ ਭਰੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਪੰਜਾਬ ਦੇ 2029 ਪਰਿਵਾਰਾਂ ਨੂੰ ਡੇਰੇ ਵੱਲੋਂ ਰਾਸ਼ਨ ਵੰਡਿਆ ਗਿਆ। ਇਸ ਤੋਂ ਇਲਾਵਾ ਅੰਗਹੀਣ ਵਿਅਕਤੀਆਂ ਨੂੰ ਟਰਾਈਸਾਈਕਲ ਤੇ ਲੋੜਵੰਦਾਂ ਨੂੰ ਘਰ ਬਣਾ ਕੇ ਉਨ੍ਹਾਂ ਦੀਆਂ ਚਾਬੀਆਂ ਦਿੱਤੀਆਂ ਗਈਆਂ। ਇਸ ਮੌਕੇ ਇਕੱਤਰ ਸੰਗਤ ਨੇ ਹੱਥ ਖੜ੍ਹੇ ਕਰ ਕੇ ਡੇਰੇ ਪ੍ਰਤੀ ਦ੍ਰਿੜ੍ਹ ਵਿਸ਼ਵਾਸ, ਆਪਸੀ ਏਕਤਾ ਕਾਇਮ ਰੱਖਣ ਅਤੇ ਭਲਾਈ ਕਾਰਜਾਂ ਵਿੱਚ ਡਟੇ ਰਹਿਣ ਦਾ ਪ੍ਰਣ ਲਿਆ।
ਡੇਰੇ ਦੀ ਚੇਅਰਪਰਸਨ ਡਾ. ਪੀ.ਆਰ. ਨੈਨ ਨੇ ਦੱਸਿਆ ਕਿ 74 ਸਾਲ ਪਹਿਲਾਂ 29 ਅਪਰੈਲ 1948 ਨੂੰ ਸ਼ਾਹ ਮਸਤਾਨਾ ਨੇ ਡੇਰਾ ਸੱਚਾ ਸੌਦਾ ਸਿਰਸਾ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਡੇਰੇ ਦੀ ਸੰਗਤ ਹਰ ਸਾਲ ਮਨੁੱਖਤਾ ਦੀ ਭਲਾਈ ਦੇ ਕੰਮ ਕਰ ਕੇ ਇਹ ਦਿਨ ਮਨਾਉਂਦੀ ਹੈ। ਇਸ ਮੌਕੇ ਪੁਲੀਸ ਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।