ਖੇਤਰੀ ਪ੍ਰਤੀਨਿਧ
ਪਟਿਆਲਾ, 13 ਜੂਨ
ਆਪਣੀਆਂ ਮੰਗਾਂ ਦੀ ਪੂਰਤੀ ਲਈ ਪੰਜਾਬ ਭਰ ਦੇ ਚਾਈਲਡ ਡਿਵੈਲਪਮੈਂਟ ਪ੍ਰਾਜੈਕਟ ਅਫਸਰ (ਸੀਡੀਪੀਓ) ਸਮੂਹਿਕ ਛੁੱਟੀ ’ਤੇ ਚਲੇ ਗਏ ਹਨ।
ਸੀਡੀਪੀਓਜ਼ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਉੱਚ ਅਧਿਕਾਰੀ ਉਨ੍ਹਾਂ ਨੂੰ ਵਧੇਰੇ ਅਤੇ ਬੇਲੋੜਾ ਕੰਮ ਕਰਵਾ ਕੇ ਪ੍ਰੇਸ਼ਾਨ ਕਰ ਰਹੇ ਹਨ। ਹੜਤਾਲੀ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦਾ ਉੱਚ ਅਧਿਕਾਰੀਆਂ ਵੱਲੋਂ ਮਾਨਸਿਕ ਤੌਰ ’ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਇਨ੍ਹਾਂ ਅਧਿਕਾਰੀਆਂ ਦੇ ਸਮੂਹਿਕ ਛੁੱਟੀ ’ਤੇ ਜਾਣ ਕਾਰਨ ਇਨ੍ਹਾਂ ਨਾਲ ਸਬੰਧਤ ਪੰਜਾਬ ਭਰ ਦੇ ਦਫ਼ਤਰ ਅੱਜ ਬੰਦ ਰਹੇ। ਇਸ ਦੌਰਾਨ ਦਫ਼ਤਰਾਂ ਵਿੱਚ ਕੋਈ ਕੰਮ ਨਾ ਹੋ ਸਕਿਆ ਤੇ ਇਸ ਯੋਜਨਾ ਨਾਲ ਸਬੰਧਤ ਕੰਮਾਂ-ਕਾਰਾਂ ਲਈ ਆਏ ਲੋਕਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।