ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 21 ਅਗਸਤ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਮਾਨਤਾ ਨਵਿਆਉਣ ਲਈ ਹੁਣ ਸਕੂਲਾਂ ਦੀ ਵਰਚੁਅਲ ਜਾਂਚ ਕਰੇਗਾ। ਇਸ ਲਈ ਅਗਲੇ ਹਫ਼ਤੇ ਜਾਂਚ ਕਮੇਟੀਆਂ ਬਣਾਈਆਂ ਜਾਣਗੀਆਂ ਜੋ ਦਸ ਦਿਨਾਂ ਅੰਦਰ ਸਕੂਲਾਂ ਦੀ ਮਾਨਤਾ ਸਬੰਧੀ ਰਿਪੋਰਟ ਦੇਣਗੀਆਂ। ਸੀਬੀਐੱਸਈ ਨੇ ਮਾਨਤਾ ਦੇਣ ਲਈ ਬਣਾਈਆਂ ਜਾਂਚ ਕਮੇਟੀਆਂ ਨੂੰ ਕਰੋਨਾ ਕਾਰਨ ਜੁਲਾਈ ਵਿਚ ਕੰਮ ਕਰਨ ਤੋਂ ਹੀ ਰੋਕ ਦਿੱਤਾ ਸੀ। ਇਸ ਕਾਰਨ ਦੇਸ਼ ਭਰ ਦੇ ਵੱਡੀ ਗਿਣਤੀ ਸਕੂਲ ਨਵੀਂ ਮਾਨਤਾ ਜਾਂ ਮਾਨਤਾ ਨਵਿਆਉਣ ਤੋਂ ਵਾਂਝੇ ਹੋ ਗਏ ਹਨ।
ਸੀਬੀਐੱਸਈ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਵਲੋਂ ਅੱਜ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਸਾਲ 2018-19, 2019-20, 2020-21 ਅਤੇ 2021-22 ਸੈਸ਼ਨ ਲਈ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਅਪਗ੍ਰੇਡੇਸ਼ਨ ਲਈ ਵਰਚੁਅਲ ਕਮੇਟੀਆਂ ਬਣਾਉਣ ਦੀ ਹਦਾਇਤ ਕੀਤੀ ਗਈ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਇਸ ਤੋਂ ਪਹਿਲਾਂ ਜਾਂਚ ਕਮੇਟੀਆਂ ਨੇ ਕਈ ਸਕੂਲਾਂ ਦੀ ਆਪ ਜਾ ਕੇ ਜਾਂਚ ਕੀਤੀ ਸੀ ਪਰ ਉਨ੍ਹਾਂ ਨੇ ਇਸ ਬਾਰੇ ਰਿਪੋਰਟ ਜਮ੍ਹਾਂ ਨਹੀਂ ਕਰਵਾਈ। ਇਸ ਕਰ ਕੇ ਪੁਰਾਣੀਆਂ ਕਮੇਟੀਆਂ ਨੂੰ ਅੱਜ ਦੇ ਪੱਤਰ ਜਾਰੀ ਹੋਣ ਦੇ 10 ਦਿਨਾਂ ਅੰਦਰ ਰਿਪੋਰਟ ਜਮ੍ਹਾਂ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ ਹਨ।
ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਦੀ ਸੂਚੀ ਮੰਗੀ: ਸੀਬੀਐੱਸਈ ਨੇ ਅਸਿਸਟੈਂਟ ਸਕੱਤਰ ਪ੍ਰੀਖਿਆਵਾਂ ਨੇ ਸਕੂਲਾਂ ਨੂੰ ਕਿਹਾ ਹੈ ਕਿ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਵਿਚੋਂ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਨੂੰ ਸੂਚੀ ਭਲਕੇ ਤਕ ਹਰ ਹਾਲਤ ਵਿਚ ਭੇਜਣ। ਕਈ ਸਕੂਲ ਤਕਨੀਕੀ ਕਾਰਨਾਂ ਦਾ ਹਵਾਲਾ ਦੇ ਕੇ ਸੂਚੀਆਂ ਨਹੀਂ ਦੇ ਰਹੇ ਪਰ ਆਨਲਾਈਨ ਸੇਵਾਵਾਂ ਹਰ ਵੇਲੇ ਮੌਜੂਦ ਹਨ। ਸੂਚੀਆਂ ਨਾ ਭੇਜਣ ’ਤੇ ਮਾਨਤਾ ਬਾਇਲਾਜ਼ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਚੰਡੀਗੜ੍ਹ ਦੇ 50 ਸਕੂਲ ਮਾਨਤਾ ਦਾ ਕਰ ਰਹੇ ਹਨ ਇੰਤਜ਼ਾਰ
ਚੰਡੀਗੜ੍ਹ ਵਿਚ 50 ਦੇ ਕਰੀਬ ਤੇ ਪੰਜਾਬ ਵਿਚ 40 ਦੇ ਕਰੀਬ ਸਕੂਲਾਂ ਨੂੰ ਮਾਨਤਾ ਨਹੀਂ ਮਿਲ ਰਹੀ। ਸੀਬੀਐੱਸਈ ਦੀ ਐਫੀਲੀਏਸ਼ਨ ਬਾਇਲਾਅਜ਼-2018 ਦੀ 11.2 ਕਲਾਜ਼ ਅਨੁਸਾਰ ਸੀਬੀਐੱਸਈ ਤੋਂ ਮਾਨਤਾ ਲੈਣ ਤੋਂ ਬਾਅਦ ਸਬੰਧਿਤ ਰਾਜਾਂ ਦੇ ਸਿੱਖਿਆ ਵਿਭਾਗਾਂ ਤੋਂ ਮਾਨਤਾ ਲੈਣੀ ਪੈਂਦੀ ਹੈ ਤਾਂ ਜਾ ਕੇ ਸਕੂਲ ਕੰਮ ਕਰਨਾ ਸ਼ੁਰੂ ਕਰ ਸਕਦੇ ਹਨ। ਚੰਡੀਗੜ੍ਹ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਬੀਰ ਸਿੰਘ ਆਨੰਦ ਨੇ ਦੱਸਿਆ ਕਿ ਕੋਵਿਡ ਕਾਰਨ ਮਾਨਤਾ ਦੇਣ ਦਾ ਕੰਮ ਰੋਕਿਆ ਗਿਆ ਹੈ। ਸੀਬੀਐਸਈ ਪੰਚਕੂਲਾ ਦੇ ਖੇਤਰੀ ਅਧਿਕਾਰੀ ਸ਼ਿਆਮ ਕਪੂਰ ਨੇ ਦੱਸਿਆ ਕਿ ਕਰੋਨਾ ਕਾਰਨ ਸਕੂਲਾਂ ਦੀ ਮਾਨਤਾ ਦੇਣ ਲਈ ਵਰਚੁਅਲ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਮਾਨਤਾ ਲੈਣ ਲਈ ਦਰਖਾਸਤ ਕਰਨ ਦੀ ਤਾਰੀਖ ਵਧਾ ਕੇ 31 ਅਗਸਤ ਕੀਤੀ ਗਈ ਹੈ।