ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 16 ਜੁਲਾਈ
ਮੁੱਖ ਅੰਸ਼
- ਕਿਸੇ ਹੋਰ ਦਾ ਨਤੀਜਾ ਨਹੀਂ ਦੇਖ ਸਕਣਗੇ ਵਿਦਿਆਰਥੀ
- ਛੇ ਡਿਜਿਟ ਵਾਲੇ ਪਿਨ ਨਾਲ ਹੀ ਖੁੱਲ੍ਹਣਗੇ ਡਿਜੀਲਾਕਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਸਬੰਧੀ ਨਵਾਂ ਪ੍ਰਾਜੈਕਟ ਲਿਆਂਦਾ ਗਿਆ ਹੈ। ਹੁਣ ਵਿਦਿਆਰਥੀਆਂ ਨੂੰ ਡਿਜੀਲਾਕਰ ’ਚ ਛੇ ਡਿਜਿਟ ਦਾ ਪਿਨ ਭਰਨ ਮਗਰੋਂ ਹੀ ਸਰਟੀਫਿਕੇਟ ਦੀ ਕਾਪੀ ਮਿਲ ਸਕੇਗੀ। ਹੁਣ ਕੋਈ ਵਿਦਿਆਰਥੀ ਕਿਸੇ ਹੋਰ ਦਾ ਨਤੀਜਾ ਨਹੀਂ ਵੇਖ ਸਕੇਗਾ। ਇਸ ਪ੍ਰਾਜੈਕਟ ਨਾਲ ਨਤੀਜੇ ਵੇਖਣ ਵੇਲੇ ਬੋਰਡ ਦੀ ਵੈੱਬਸਾਈਟ ਵੀ ਜਾਮ ਨਹੀਂ ਹੋਵੇਗੀ। ਨਤੀਜਾ ਜਾਰੀ ਹੋਣ ਮਗਰੋਂ ਤੁਰੰਤ ਬਾਅਦ ਡਿਜੀਲਾਕਰ ’ਚੋਂ ਸਰਟੀਫਿਕੇਟ ਕੱਢੇ ਜਾ ਸਕਣਗੇ। ਇਸ ਪ੍ਰਾਜੈਕਟ ਸਬੰਧੀ ਲਿੰਕ ਤੇ ਸੁਰੱਖਿਆ ਪਿਨ ਸੀਬੀਐਸਈ ਵੱਲੋਂ ਅੱਜ ਸਕੂਲਾਂ ਨੂੰ ਭੇਜ ਦਿੱਤੇ ਗਏ ਹਨ ਤੇ ਸਕੂਲ ਇਹ ਪਿਨ ਵਿਦਿਆਰਥੀਆਂ ਨੂੰ ਦੇਣਗੇ। ਭੇਜੇ ਗਏ ਲਿੰਕ ’ਤੇ ਵਿਦਿਆਰਥੀ ਪਹਿਲਾਂ ਖ਼ੁਦ ਨੂੰ ਰਜਿਸਟਰ ਕਰੇਗਾ।
ਸੀਬੀਐੱਸਈ ਦੇ ਡਾਇਰੈਕਟਰ (ਆਈਟੀ ਐਂਡ ਪ੍ਰਾਜੈਕਟ) ਡਾ. ਅੰਤਰਿਕਸ਼ ਜੌਹਰੀ ਨੇ ਅੱਜ ਸਕੂਲਾਂ ਨੂੰ ਪੱਤਰ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਲਿੰਕ ਦੀ ਵਰਤੋਂ ਕਰਨ ਆਦਿ ਸਬੰਧੀ ਖਾਕਾ ਵੀ ਦਿੱਤਾ ਗਿਆ ਹੈ।
ਮੁਹਾਲੀ ਦਫ਼ਤਰ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਬੋਰਡ ਦਾ ਨਤੀਜਾ ਤਿਆਰ ਹੈ ਤੇ ਇਹ ਕਿਸੇ ਵੇਲੇ ਵੀ ਜਾਰੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਡਿਜੀਲਾਕਰ ਨਾਲ ਨਤੀਜੇ ਵਾਲੇ ਦਿਨ ਸਰਟੀਫਿਕੇਟ ਜਾਰੀ ਹੋਣਗੇ, ਜਿਸ ਨਾਲ ਵੈੱਬਸਾਈਟ ਵੀ ਜਾਮ ਨਹੀਂ ਹੋਵੇਗੀ ਤੇ ਸਕੂਲਾਂ ਨੂੰ ਅੰਕ ਪ੍ਰਾਪਤ ਕਰਨ ਲਈ ਇੰਤਜ਼ਾਰ ਵੀ ਨਹੀਂ ਕਰਨਾ ਪਵੇਗਾ।
ਮਾਈਗਰੇਸ਼ਨ ਸਰਟੀਫਿਕੇਟ ਵੀ ਨਾਲ ਹੀ ਮਿਲਣਗੇ
ਬੋਰਡ ਨੇ ਅੱਜ ਵਿਦਿਆਰਥੀਆਂ ਨੂੰ ਮਾਈਗਰੇਸ਼ਨ ਸਰਟੀਫਿਕੇਟ ਸਬੰਧੀ ਲਿੰਕ ਵੀ ਜਾਰੀ ਕਰ ਦਿੱਤੇ ਹਨ। ਇਹ ਸਰਟੀਫਿਕੇਟ ਹਾਸਲ ਕਰਨ ਲਈ ਸੀਬੀਐਸਈ ਸਰਵਿਸਿਜ਼ ਡਾਟ ਡਿਜੀਲਾਕਰ ਡਾਟ ਗੌਵ ਇਨ/ ਐਕਟੀਵੇਟ ਸੀਬੀਐੱਸਈ ’ਤੇ ਜਾਣਾ ਪਵੇਗਾ। ਵਿਦਿਆਰਥੀ ਇਸੇ ਆਪਣੀ ਜਮਾਤ, ਸਕੂਲ ਕੋਡ, ਰੋਲ ਨੰਬਰ ਤੇ ਛੇ ਅੱਖਰਾਂ ਵਾਲਾ ਪਿਨ ਕੋਡ ਭਰਨ ਤੋਂ ਬਾਅਦ ਸਰਟੀਫਿਕੇਟ ਹਾਸਲ ਕਰ ਸਕਣਗੇ।