ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਜੂਨ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਸਕੂਲਾਂ ਨੂੰ ਪੱਤਰ ਜਾਰੀ ਕਰ ਕੇ ਸੈਸ਼ਨ 2022-23 ਲਈ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਲਿਸਟ ਆਫ ਕੈਂਡੀਡੇਟਸ (ਐੱਲਓਸੀ) ਮੰਗੀ ਹੈ। ਇਨ੍ਹਾਂ ਵਿਦਿਆਰਥੀਆਂ ਦੀ ਰਜਿਸਟਰੇਸ਼ਨ 16 ਜੂਨ ਤੋਂ ਸ਼ੁਰੂ ਹੋਵੇਗੀ ਤੇ ਸਕੂਲ ਬਿਨਾਂ ਲੇਟ ਫੀਸ ਦੇ 31 ਅਗਸਤ ਤੱਕ ਵਿਦਿਆਰਥੀਆਂ ਦੀ ਸੂਚੀ ਬੋਰਡ ਨੂੰ ਸੌਂਪ ਸਕਦੇ ਹਨ।
ਬੋਰਡ ਦੇ ਪ੍ਰੀਖਿਆਵਾਂ ਕੰਟਰੋਲਰ ਡਾ. ਸੰਯਮ ਭਾਰਦਵਾਜ ਨੇ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਅਗਲੇ ਸਾਲ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਦੀ ਸੂਚੀ ਸਕੂਲ ਹੁਣ ਬੋਰਡ ਨੂੰ ਭੇਜਣਗੇ। ਸਕੂਲਾਂ ਨੂੰ ਸਿਰਫ਼ ਆਪਣੇ ਹੀ ਵਿਦਿਆਰਥੀਆਂ ਦੀ ਸੂਚੀ ਭੇਜਣ ਨੂੰ ਕਿਹਾ ਗਿਆ ਹੈ, ਜੋ ਨਿਯਮਿਤ ਸਮੇਂ ’ਤੇ ਸਕੂਲ ਆ ਰਹੇ ਹਨ। ਬੋਰਡ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕਈ ਵਾਰ ਸਕੂਲ ਦੂਜੇ ਸਕੂਲਾਂ ਤੋਂ ਪੈਸੇ ਲੈ ਕੇ ਉਨ੍ਹਾਂ ਵਿਦਿਆਰਥੀਆਂ ਦੀ ਵੀ ਸੂਚੀ ਭੇਜ ਦਿੰਦੇ ਹਨ, ਜਿਨ੍ਹਾਂ ਨੇ ਨਿਯਮਤ ਜਮਾਤਾਂ ਨਹੀਂ ਲਾਈਆਂ ਹੁੰਦੀਆਂ, ਅਜਿਹੇ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਮਿਲਣ ’ਤੇ ਰਜਿਸਟਰੇਸ਼ਨ ਰੱਦ ਕੀਤੀ ਜਾਵੇਗੀ ਤੇ ਗਲਤ ਜਾਣਕਾਰੀ ਦੇਣ ਵਾਲੇ ਸਕੂਲਾਂ ਖ਼ਿਲਾਫ਼ ਕਾਰਵਾਈ ਹੋਵੇਗੀ।
ਸੀਬੀਐੱਸਈ ਨਿਯਮਾਂ ਅਨੁਸਾਰ ਬੋਰਡ ਨਾਲ ਸਬੰਧਤ ਸਾਰੇ ਸਕੂਲਾਂ ਨੇ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਵੇਲੇ ਨੌਵੀਂ, ਦਸਵੀਂ, ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਵੇਰਵੇ ਬੋਰਡ ਨੂੰ ਦੇਣੇ ਹੁੰਦੇ ਹਨ। ਸੀਬੀਐੱਸਈ ਵੱਲੋਂ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੀ ਰਜਿਸਟਰੇਸ਼ਨ ਬੋਰਡ ਜਮਾਤਾਂ ਲਈ ਦੋ ਸਾਲ ਪਹਿਲਾਂ ਕੀਤੀ ਜਾਂਦੀ ਹੈ।
ਪ੍ਰੀਖਿਆਵਾਂ ਦੇ ਅੰਕ ਘਟੇ ਪਰ ਉਤਰ ਪੱਤਰੀਆਂ ਦੇ ਪੰਨੇ ਉਹੀ
ਬੋਰਡ ਨੇ ਕਰੋਨਾ ਕਾਰਨ ਪ੍ਰੀਖਿਆਵਾਂ ਦੋ ਪੜਾਅ ਵਿੱਚ ਲਈਆਂ। ਟਰਮ-1 ਤੇ ਟਰਮ-2 ਦੀਆਂ ਪ੍ਰੀਖਿਆਵਾਂ ਦੇ ਅੰਕ 80 ਤੋਂ ਘਟਾ ਕੇ 40 ਕਰ ਦਿੱਤੇ ਗਏ, ਪਰ ਬੋਰਡ ਨੇ ਇਸ ਵਾਰ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਉਤਰ ਪੱਤਰੀਆਂ ਦੇ ਪੰਨੇ ਘੱਟ ਨਹੀਂ ਕੀਤੇ, ਜਿਸ ਕਾਰਨ ਵੱਡੇ ਪੱਧਰ ’ਤੇ ਕਾਗਜ਼ ਦੀ ਬਰਬਾਦੀ ਹੋਈ ਹੈ। ਉੱਤਰ ਪੱਤਰੀਆਂ ਜਾਂਚ ਰਹੇ ਨਵੀਂ ਦਿੱਲੀ ਦੇ ਅਧਿਆਪਕਾਂ ਨੇ ਦੱਸਿਆ ਕਿ 40 ਅੰਕਾਂ ਦੀ ਪ੍ਰੀਖਿਆ ਲਈ 32 ਪੰਨੇ ਦਿੱਤੇ ਗਏ, ਪਰ ਵਧੇਰੇ ਵਿਦਿਆਰਥੀਆਂ ਨੇ ਸਿਰਫ਼ ਦਸ ਪੰਨੇ ਹੀ ਵਰਤੇ ਹਨ। ਇਕ ਪਾਸੇ ਤਾਂ ਬੋਰਡ ਕਾਗਜ਼ ਬਚਾਉਣ ਤੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦੇ ਰਿਹਾ ਹੈ, ਪਰ ਇਹ ਨਿਯਮ ਆਪਣੇ ’ਤੇ ਲਾਗੂ ਨਹੀਂ ਕਰ ਰਿਹਾ। ਉਨ੍ਹਾਂ ਬੋਰਡ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇੰਨੇ ਵੱਡੇ ਪੱਧਰ ’ਤੇ ਕਾਗਜ਼ ਦੀ ਬਰਬਾਦੀ ਲਈ ਜ਼ਿੰਮੇਵਾਰੀ ਤੈਅ ਕਰ ਕੇ ਕਾਰਵਾਈ ਕੀਤੀ ਜਾਵੇ।