ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 23 ਜਨਵਰੀ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਟਰਮ-1 ਪ੍ਰੀਖਿਆਵਾਂ ਵਿੱਚ ਵਿਵਾਦਪੂਰਨ ਸਵਾਲ ਪਾਉਣ ਵਾਲੇ ਦੋ ਮਾਹਿਰਾਂ ਨੂੰ ਆਪਣੇ ਪੈਨਲ ਤੋਂ ਹਟਾ ਦਿੱਤਾ ਹੈ ਤੇ ਭਵਿੱਖ ਵਿਚ ਅਜਿਹੀ ਕੋਤਾਹੀ ਤੋਂ ਬਚਣ ਲਈ ਕਮੇਟੀ ਬਣਾ ਦਿੱਤੀ ਹੈ ਜੋ ਮਾਰਚ-ਅਪਰੈਲ ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਨਵੇਂ ਨਿਰਦੇਸ਼ ਜਾਰੀ ਕਰੇਗੀ। ਬੋਰਡ ਦੀ 12ਵੀਂ ਜਮਾਤ ਦੇ ਟਰਮ-1 ਦੀ ਸੋਸ਼ਿਆਲੋਜੀ ਦੀ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੂੰ ਗੁਜਰਾਤ ਦੇ ਦੰਗਿਆਂ ਬਾਰੇ ਸਵਾਲ ਆਇਆ ਸੀ। ਇਸ ਵਿਚ ਵਿਦਿਆਰਥੀਆਂ ਨੂੰ ਪੁੱਛਿਆ ਗਿਆ ਸੀ ਕਿ ਗੁਜਰਾਤ ਵਿਚ ਸਾਲ 2002 ਦੌਰਾਨ ਕਿਹੜੀ ਸਰਕਾਰ ਦੇ ਰਾਜ ਵਿਚ ਮੁਸਲਿਮ ਵਿਰੋਧੀ ਦੰਗੇ ਹੋਏ ਸਨ। ਇਸ ਵਿਚ ਵਿਦਿਆਰਥੀਆਂ ਨੂੰ ਕਾਂਗਰਸ, ਭਾਜਪਾ, ਡੈਮੋਕਰੈਟਿਕ ਤੇ ਰਿਪਬਲਿਕਨ ਆਦਿ ਦੇ ਵਿਕਲਪ ਦਿੱਤੇ ਗਏ ਸਨ। ਇਸ ਸਵਾਲ ਕਾਰਨ ਬੋਰਡ ਨੂੰ ਨਮੋਸ਼ੀ ਝੱਲਣੀ ਪਈ ਸੀ।
ਇਸ ਤੋਂ ਇਲਾਵਾ ਦਸਵੀਂ ਜਮਾਤ ਦੇ ਅੰਗਰੇਜ਼ੀ ਦੀ ਪ੍ਰੀਖਿਆ ਵਿਚ ਸਵਾਲ ਆਇਆ ਸੀ ਕਿ ਜਿਹੜੀਆਂ ਔਰਤਾਂ ਆਪਣੇ ਪਤੀ ਦਾ ਕਹਿਣਾ ਮੰਨਦੀਆਂ ਹਨ ਉਨ੍ਹਾਂ ਦਾ ਪਰਿਵਾਰ ਵਿੱਚ ਆਦਰ ਕੀਤਾ ਜਾਂਦਾ ਹੈ ਪਰ ਜਿਹੜੀਆਂ ਔਰਤਾਂ ਮਨਮਾਨੀ ਕਰਦੀਆਂ ਹਨ ਉਨ੍ਹਾਂ ਨੂੰ ਆਪਣੇ ਘਰ ਵਿਚ ਵੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਕਰਕੇ ਔਰਤਾਂ ਦਾ ਆਗਿਆਕਾਰੀ ਬਣਨਾ ਜ਼ਰੂਰੀ ਹੈ। ਇਸ ਤੋਂ ਬਾਅਦ ਕਾਂਗਰਸ ਮੁਖੀ ਸੋਨੀਆ ਗਾਂਧੀ ਨੇ ਲੋਕ ਸਭਾ ਵਿਚ ਵੀ ਇਹ ਮੁੱਦਾ ਉਠਾਇਆ ਸੀ ਜਿਸ ਤੋਂ ਬਾਅਦ ਬੋਰਡ ਨੇ ਇਹ ਸਵਾਲ ਵਾਪਸ ਲੈ ਲਿਆ ਸੀ ਤੇ ਵਿਦਿਆਰਥੀਆਂ ਨੂੰ ਇਸ ਸਵਾਲ ਦੇ ਪੂਰੇ ਅੰਕ ਦੇਣ ਦਾ ਫੈਸਲਾ ਕੀਤਾ ਸੀ।
ਪ੍ਰਸ਼ਨ ਪੱਤਰ ਬਣਾਉਣ ਲਈ ਜਲਦੀ ਜਾਰੀ ਹੋੋਣਗੀਆਂ ਹਦਾਇਤਾਂ
ਮੁਹਾਲੀ ਬੋਰਡ ਦੇ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਸੋਸ਼ਿਆਲੋਜੀ ਤੇ ਅੰਗਰੇਜ਼ੀ ਦੇ ਵਿਵਾਦਪੂਰਨ ਸਵਾਲ ਪਾਉਣ ਵਾਲੇ ਮਾਹਿਰਾਂ ਨੂੰ ਪੇਪਰ ਸੈਟਿੰਗ ਪੈਨਲ ਵਿਚੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰਮ-2 ਦੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਤਿਆਰ ਕਰਨ ਲਈ ਨਵੀਂ ਦਿੱਲੀ ਤੋਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਤੇ ਹਰ ਸਵਾਲ ਨੂੰ ਮਾਹਿਰਾਂ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਹੀ ਪ੍ਰਸ਼ਨ ਪੱਤਰ ਦਾ ਹਿੱਸਾ ਬਣਾਇਆ ਜਾਵੇਗਾ।
10ਵੀਂ ਤੇ 12ਵੀਂ ਦਾ ਨਤੀਜਾ ਤਿਆਰ
ਇਹ ਜਾਣਕਾਰੀ ਮਿਲੀ ਹੈ ਕਿ ਸੀਬੀਐੱਸਈ ਵੱਲੋਂ 10ਵੀਂ ਤੇ 12ਵੀਂ ਜਮਾਤ ਦਾ ਨਤੀਜਾ ਭਲਕੇ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਬੋਰਡ ਦੇ ਅਧਿਕਾਰੀਆਂ ਅਨੁਸਾਰ ਇਹ ਨਤੀਜਾ ਸੋਮਵਾਰ ਜਾਂ ਮੰਗਲਵਾਰ ਨੂੰ ਜਾਰੀ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਬੋਰਡ ਨੇ ਆਪਣੀ ਵੈਬਸਾਈਟ ’ਤੇ ਨਤੀਜਾ ਜਾਰੀ ਕਰਨ ਦੀ ਕੋਈ ਤਾਰੀਖ ਨਹੀਂ ਐਲਾਨੀ।