ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 27 ਅਪਰੈਲ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਅੱਜ ਪੰਜਾਬੀ ਤੇ ਹੋਰ ਭਾਸ਼ਾਵਾਂ ਦਾ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦਾ ਸਿਲੇਬਸ ਜਾਰੀ ਕਰ ਦਿੱਤਾ ਗਿਆ। ਬੋਰਡ ਨੇ ਇਸ ਵਾਰ 15 ਫੀਸਦੀ ਤੱਕ ਸਿਲੇਬਸ ਵਧਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੋਰਡ ਨੇ ਚਾਰ ਦਿਨ ਪਹਿਲਾਂ ਸੈਸ਼ਨ 2022-23 ਦਾ ਸਿਲੇਬਸ ਖੇਤਰੀ ਭਾਸ਼ਾਵਾਂ ਤੋਂ ਬਿਨਾਂ ਜਾਰੀ ਕਰ ਦਿੱਤਾ ਸੀ।
ਬੋਰਡ ਨੇ ਪਿਛਲੇ ਸੈਸ਼ਨ ਵਿੱਚ ਇਨ੍ਹਾਂ ਜਮਾਤਾਂ ਲਈ ਬਹੁ-ਵਿਕਲਪੀ 40 ਅੰਕਾਂ ਦੇ ਪ੍ਰਸ਼ਨ ਰੱਖੇ ਸਨ, ਜੋ ਕਿ ਇਸ ਵਾਰ ਸੈਸ਼ਨ 2022-23 ਲਈ ਨੌਵੀਂ ਜਮਾਤ ਦੇ ਨੌਂ ਪ੍ਰਸ਼ਨ ਅਤੇ ਦਸਵੀਂ ਜਮਾਤ ਦੇ ਬਾਰਾਂ ਪ੍ਰਸ਼ਨ ਕਰ ਦਿੱਤੇ ਹਨ।
ਪਿਛਲੇ ਸਾਲ ਨੌਵੀਂ, ਦਸਵੀਂ, ਗਿਆਰਵੀਂ ਤੇ ਬਾਰ੍ਹਵੀਂ ਜਮਾਤ ਦੇ ਸ਼ਾਰਟ ਪ੍ਰਾਜੈਕਟ ਬਣਾਉਣ ਲਈ ਕਿਹਾ ਗਿਆ ਸੀ ਪਰ ਇਸ ਵਾਰ ਪ੍ਰਾਜੈਕਟਾਂ ਨੂੰ ਵਿਸਥਾਰ ਵਿੱਚ ਬਣਾਉਣ ਲਈ ਕਿਹਾ ਗਿਆ ਹੈ, ਜਿਸ ਬਾਰੇ ਸਿਲੇਬਸ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ। ਬੋਰਡ ਨੇ ਬਾਰ੍ਹਵੀਂ ਜਮਾਤ ਵਿੱਚ ਦੋ ਕਵਿਤਾਵਾਂ, ਇਕ ਕਹਾਣੀ ਤੇ ਸੱਭਿਆਚਾਰ ਭਾਗ ਦਾ ਇਕ ਵਿਸ਼ਾ ਵਧਾ ਦਿੱਤਾ ਹੈ। ਬੋਰਡ ਨੇ ਨੌਵੀਂ ਜਮਾਤ ਲਈ ਰਚਨਾਵਾਂ ਫ਼ਿਰੋਜ਼ਦੀਨ ਸ਼ਰਫ ਦੀ ਕਾਵਿ ਰਚਨਾ ‘ਮੈਂ ਪੰਜਾਬੀ’, ਵਾਰਤਕ ਵਿੱਚ ਡਾ. ਟੀ.ਆਰ. ਸ਼ਰਮਾ ਦੀ ‘ਖੁਸ਼ੀਆਂ ਆਪੇ ਨਹੀਂ ਆਉਂਦੀਆਂ’, ਇਕਾਂਗੀ ਵਿੱਚ ਈਸ਼ਵਰ ਚੰਦਰ ਨੰਦਾ ਦੀ ਮੌਨਧਾਰੀ ਤੇ ਦਸਵੀਂ ਜਮਾਤ ਵਿੱਚ ਸ਼ਾਹ ਮੁਹੰਮਦ ਦੀ ਕਾਵਿ ਰਚਨਾ ‘ਜੰਗ ਦਾ ਹਾਲ’, ਵਾਰਤਕ ਵਿੱਚ ਨਰਿੰਦਰ ਸਿੰਘ ਕਪੂਰ ਦੀ ‘ਤੁਰਨ ਦਾ ਹੁਨਰ’, ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬਲਦ’ ਨਵੀਆਂ ਸ਼ਾਮਲ ਕੀਤੀਆਂ ਹਨ।
ਅਧਿਆਪਕਾਂ ਨੇ ਪੰਜਾਬੀ ਦੇ ਨਵੇਂ ਸਿਲੇਬਸ ਨੂੰ ਵਿਦਿਆਰਥੀਆਂ ਲਈ ਵਧੀਆ ਕਰਾਰ ਦਿੰਦਿਆਂ ਕਿਹਾ ਕਿ ਬਹੁ-ਵਿਕਲਪੀ ਪ੍ਰਸ਼ਨ ਪੱਤਰਾਂ ਨਾਲ ਵਿਦਿਆਰਥੀਆਂ ਦੀ ਲਿਖਣ ਦੀ ਆਦਤ ਘੱਟ ਗਈ ਸੀ, ਜੋ ਹੁਣ ਮੁੜ ਵਿਕਸਤ ਹੋਵੇਗੀ।
ਸੋਸ਼ਲ ਮੀਡੀਆ ’ਤੇ ਪ੍ਰੀਖਿਆ ਸਮੇਂ ਵਿੱਚ ਬਦਲਾਅ ਬਾਰੇ ਅਫ਼ਵਾਹ
ਸੋਸ਼ਲ ਮੀਡੀਆ ’ਤੇ ਸੀਬੀਐੱਸਈ ਦਾ ਫ਼ਰਜ਼ੀ ਸਰਕੁਲਰ ਵਾਇਰਲ ਹੋਇਆ ਹੈ, ਜਿਸ ਵਿੱਚ ਵਿਦਿਆਰਥੀਆਂ ਨੂੰ ਟਰਮ-2 ਦੀ ਪ੍ਰੀਖਿਆ ਲਈ 11.30 ਵਜੇ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਵਿੱਚ ਪੁੱਜਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਉਤਰ ਪੱਤਰੀਆਂ ਤੇ ਪ੍ਰਸ਼ਨ ਪੱਤਰ ਬਾਰੇ ਵੀ ਗਲਤ ਪ੍ਰਚਾਰ ਕੀਤਾ ਗਿਆ ਹੈ। ਇਸ ਤੋਂ ਬਾਅਦ ਅੱਜ ਸੀਬੀਐੱਸਈ ਨੇ ਟਵਿੱਟਰ ’ਤੇ ਸਪੱਸ਼ਟ ਕੀਤਾ ਕਿ ਇਹ ਸਰਕੁਲਰ ਗ਼ਲਤ ਹੈ ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਵਿੱਚ 10 ਵਜੇ ਮਗਰੋਂ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇਹ ਝੂਠਾ ਸਰਕੁਲਰ ਦਿੱਲੀ (ਪੂਰਬੀ) ਦੇ ਰਿਜਨਲ ਅਫ਼ਸਰ ਆਰ.ਕੇ. ਯਾਦਵ ਦੇ ਫ਼ਰਜ਼ੀ ਹਸਤਾਖਰਾਂ ਹੇਠ ਵਾਇਰਲ ਹੋਇਆ ਸੀ।