ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 21 ਅਕਤੂਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਅੱਜ ਦਸਵੀਂ ਤੇ ਬਾਰ੍ਹਵੀਂ ਜਮਾਤ ਟਰਮ-1 ਦੀ ਮਾਈਨਰ ਵਿਸ਼ਿਆਂ ਦੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 17 ਨਵੰਬਰ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 16 ਨਵੰਬਰ ਤੋਂ ਸ਼ੁਰੂ ਹੋਣਗੀਆਂ। ਇਨ੍ਹਾਂ ਪ੍ਰੀਖਿਆਵਾਂ ਦਾ ਸਮਾਂ ਸਰਦੀਆਂ ਕਰ ਕੇ ਬਦਲ ਦਿੱਤਾ ਗਿਆ ਹੈ। ਪ੍ਰੀਖਿਆ 11.30 ਵਜੇ ਸ਼ੁਰੂ ਹੋਵੇਗੀ। ਇਸ ਵਾਰ ਪ੍ਰੀਖਿਆਵਾਂ ਵਿੱਚ ਆਬਜੈਕਟਿਵ ਟਾਈਪ ਸਵਾਲ ਆਉਣਗੇ।
ਸੀਬੀਐੱਸਈ ਦੇ ਪ੍ਰੀਖਿਆਵਾਂ ਦੇ ਕੰਟਰੋਲਰ ਸੰਯਮ ਭਾਰਦਵਾਜ ਨੇ ਦੋਵੇਂ ਜਮਾਤਾਂ ਦੇ ਵਿਸ਼ਿਆਂ ਦੀ ਡੇਟਸ਼ੀਟ ਜਾਰੀ ਕਰਨ ਦੇ ਨਾਲ ਹੀ ਵਿਦਿਆਰਥੀਆਂ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਬੋਰਡ ਨੇ ਕਰੋਨਾਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਪਾਰਦਰਸ਼ੀ ਹੈਂਡ ਸੈਨੇਟਾਈਜ਼ਰ ਨਾਲ ਲਿਆਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਮਾਸਕ ਬੰਨ੍ਹਣਾ ਜ਼ਰੂਰੀ ਹੈ। ਬੋਰਡ ਵੱਲੋਂ ਸਮਾਜਿਕ ਦੂਰੀ ਦਾ ਧਿਆਨ ਰੱਖ ਕੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ ਵਿਚ ਬਿਠਾਇਆ ਜਾਵੇਗਾ। ਮਾਪਿਆਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦਾ ਬੱਚਾ ਬਿਮਾਰ ਨਾ ਹੋਵੇ ਤੇ ਉਹ ਕੋਵਿਡ-19 ਬਾਰੇ ਆਪਣੇ ਬੱਚਿਆਂ ਨੂੰ ਜਾਗਰੂਕ ਕਰਨਗੇ।
ਮਾਈਨਰ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦਾ ਵੇਰਵਾ
ਦਸਵੀਂ ਜਮਾਤ ਦੀ ਮਾਈਨਰ ਵਿਸ਼ਿਆਂ ਦੀ ਪਹਿਲੀ ਪ੍ਰੀਖਿਆ 17 ਨਵੰਬਰ ਨੂੰ ਪੇਂਟਿੰਗ ਦੀ ਹੋਵੇਗੀ, 18 ਨੂੰ ਉਤਰ-ਪੱਛਮ ਆਧਾਰਤ ਭਾਸ਼ਾਵਾਂ ਦੀ ਪ੍ਰੀਖਿਆ, 20 ਨੂੰ ਪੰਜਾਬੀ, ਉਰਦੂ ਤੇ ਹੋਰ ਭਾਸ਼ਾਵਾਂ ਦੀ ਪ੍ਰੀਖਿਆ, 22 ਨੂੰ ਸੰਸਕ੍ਰਿਤ, 23 ਨੂੰ ਸੈਰ ਸਪਾਟਾ, ਬਿਊਟੀ ਐਂਡ ਵੈੱਲਨੈੱਸ ਆਦਿ ਵਿਸ਼ਿਆਂ ਦੀ ਪ੍ਰੀਖਿਆ, 25 ਨੂੰ ਇਨਫਰਮੇਸ਼ਨ ਤਕਨਾਲੋਜੀ, 7 ਨੂੰ ਵਿਦੇਸ਼ੀ ਭਾਸ਼ਾਵਾਂ ਦੀ ਪ੍ਰੀਖਿਆ ਹੋਵੇਗੀ। ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਦੀ 16 ਨਵੰਬਰ ਨੂੰ ਐਂਟਰਪ੍ਰਨਿਓਰਸ਼ਿਪ, ਬਿਊਟੀ ਐਂਡ ਵੈੱਲਨੈੱਸ ਦੀ ਪ੍ਰੀਖਿਆ, 17 ਨੂੰ ਟੈਕਸਟਾਈਲ ਡਿਜ਼ਾਈਨ, 18 ਨੂੰ ਮਾਰਕੀਟਿੰਗ, 20 ਨੂੰ ਫੈਸ਼ਨ ਸਟਡੀਜ਼, 22 ਨੂੰ ਯੋਗ, ਆਰਟੀਫੀਸ਼ੀਅਲ ਇੰਟੈਲੀਜੈਂਸ, 23 ਨੂੰ ਕਥਕ, ਭਰਟਨਾਟਯਮ, ਕੁੱਚੀਪੁੜੀ, ਕਥਾਕਲੀ, ਹਾਰਟੀਕਲਚਰ, 25 ਨੂੰ ਲੀਗਲ ਸਟੱਡੀਜ਼, 27 ਨੂੰ ਪੰਜਾਬੀ ਤੇ ਹੋਰ ਭਾਸ਼ਾਵਾਂ, 29 ਨੂੰ ਸ਼ਾਰਟਹੈਂਡ, 30 ਨੂੰ ਉਰਦੂ ਤੇ ਸੰਸਕ੍ਰਿਤ ਇਲੈਕਟਿਵ, 2 ਦਸੰਬਰ ਨੂੰ ਫੂਡ ਪ੍ਰੋਡਕਸ਼ਨ, 3 ਨੂੰ ਇੰਗਲਿਸ਼ ਇਲੈਕਟਿਵ ਤੇ 30 ਦਸੰਬਰ ਨੂੰ ਖੇਤੀਬਾੜੀ ਤੇ ਮਾਸ ਮੀਡੀਆ ਸਟੱਡੀਜ਼ ਦੀ ਪ੍ਰੀਖਿਆ ਹੋਵੇਗੀ।
ਪੰਜਾਬੀ ਨੂੰ ਮਾਈਨਰ ਵਿਸ਼ਾ ਬਣਾਉਣ ਦਾ ਮਨਜਿੰਦਰ ਸਿਰਸਾ ਵੱਲੋਂ ਵਿਰੋਧ
ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਟਵੀਟ ਕਰ ਕੇ ਕਿਹਾ ਹੈ ਕਿ ਸੀਬੀਐੱਸਈ ਵੱਲੋਂ ਪੰਜਾਬੀ ਭਾਸ਼ਾ ਨੂੰ ਮਾਈਨਰ ਵਿਸ਼ਿਆਂ ਵਿੱਚ ਰੱਖਣਾ ਗਲਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਚੰਡੀਗੜ੍ਹ ਦੇ ਵਿਦਿਆਰਥੀਆਂ ਲਈ ਪੰਜਾਬੀ ਸਿੱਖਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੋਰਡ ਦੇ ਫੈ਼ਸਲੇ ਨਾਲ ਨੌਜਵਾਨ ਪੀੜ੍ਹੀ ਆਪਣੀ ਮਾਂ ਬੋਲੀ ਤੋਂ ਦੂਰ ਹੋਵੇਗੀ। ਹਰ ਰਾਜ ਨੂੰ ਆਪਣੇ ਸੱਭਿਆਚਾਰ ਤੇ ਭਾਸ਼ਾ ਦਾ ਵਿਕਾਸ ਕਰਨ ਦਾ ਹੱਕ ਹੈ ਤੇ ਸੀਬੀਐੱਸਈ ਇਹ ਹੱਕ ਖੋਹ ਨਹੀਂ ਸਕਦੀ। ਉਨ੍ਹਾਂ ਮੰਗ ਕੀਤੀ ਕਿ ਸੀਬੀਐੱਸਈ ਆਪਣੇ ਫੈ਼ਸਲੇ ’ਤੇ ਨਜ਼ਰਸਾਨੀ ਕਰੇ।