ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 30 ਅਕਤੂਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਦਾ ਮੁਹਾਲੀ ’ਚ ਨਵਾਂ ਖੇਤਰੀ ਦਫ਼ਤਰ ਖੁੱਲ੍ਹ ਗਿਆ ਹੈ। ਇਸ ਅਧੀਨ ਚੰਡੀਗੜ੍ਹ, ਪੰਜਾਬ, ਜੰਮੂ-ਕਸ਼ਮੀਰ ਤੇ ਲੇਹ ਅਤੇ ਲਦਾਖ ਦੇ ਸਕੂਲਾਂ ਦੇ ਵਿਦਿਆਰਥੀ ਆਉਣਗੇ। ਸੀਬੀਐੱਸਈ ਦੇ ਪਹਿਲਾਂ ਦੇਸ਼ ਭਰ ’ਚ 10 ਖੇਤਰੀ ਦਫ਼ਤਰ ਹਨ ਤੇ 6 ਨਵੇਂ ਖੇਤਰੀ ਦਫ਼ਤਰਾਂ ਨਾਲ ਕੁੱਲ ਗਿਣਤੀ 16 ਹੋ ਗਈ ਹੈ। ਸੀਬੀਐੱਸਈ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ।
ਇਸ ਤੋਂ ਪਹਿਲਾਂ ਉੱਤਰੀ ਖੇਤਰ ਵਿੱਚ ਸਿਰਫ਼ ਪੰਚਕੂਲਾ ਵਿੱਚ ਹੀ ਸੀਬੀਐੱਸਈ ਦਾ ਦਫ਼ਤਰ ਸੀ, ਜੋ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਸਕੂਲਾਂ ਦੇ ਵਿਦਿਆਰਥੀਆਂ ਨਾਲ ਸਬੰਧਤ ਸੀ। ਬੋਰਡ ਨੇ ਨਵਾਂ ਦਫ਼ਤਰ ਖੋਲ੍ਹਣ ਦਾ ਐਲਾਨ ਤਾਂ ਪਹਿਲਾਂ ਹੀ ਕਰ ਦਿੱਤਾ ਸੀ ਪਰ ਇਹ ਦਫ਼ਤਰ ਇਸ ਵੇਲੇ ਪੰਚਕੂਲਾ ’ਚ ਹੀ ਚੱਲ ਰਿਹਾ ਸੀ। ਮੁਹਾਲੀ ਵਾਲਾ ਦਫ਼ਤਰ, ਏਅਰਪੋਰਟ ਰੋਡ ’ਤੇ ਜੁਬਲੀ ਸਕੁਏਅਰ ਵਿੱਚ ਬਣਾਇਆ ਗਿਆ ਹੈ ਅਤੇ ਇਸ ਦੇ ਖੇਤਰੀ ਅਫ਼ਸਰ ਸ਼ਿਆਮ ਕਪੂਰ ਹੋਣਗੇ। ਸੀਬੀਐੱਸਈ ਦੇ ਅਧਿਕਾਰੀ ਨੇ ਦੱਸਿਆ ਕਿ ਸੀਬੀਐੱਸਈ ਨੇ ਚੰਡੀਗੜ੍ਹ, ਪੰਜਾਬ, ਜੰਮੂ-ਕਸ਼ਮੀਰ ਅਤੇ ਲੇਹ ਤੇ ਲੱਦਾਖ ਦੇ ਸਕੂਲਾਂ ਨੂੰ ਸਰਕੁਲਰ ਜਾਰੀ ਕਰ ਕੇ ਕਹਿ ਦਿੱਤਾ ਗਿਆ ਹੈ ਕਿ ਉਹ ਹੁਣ ਮੁਹਾਲੀ ਦੇ ਨਵੇਂ ਖੇਤਰੀ ਦਫ਼ਤਰ ਕੋਲ ਪਹੁੰਚ ਕਰਨ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਫਰਵਰੀ-ਮਾਰਚ 2021 ਦੀਆਂ ਪ੍ਰੀਖਿਆਵਾਂ ਨਵਾਂ ਦਫ਼ਤਰ ਕਰਵਾਏਗਾ। ਸ਼ਿਆਮ ਕਪੂਰ ਨੇ ਦੱਸਿਆ ਕਿ ਸਕੂਲ ਤੇ ਵਿਦਿਆਰਥੀ ਕਿਸੇ ਵੀ ਸਮੱਸਿਆ ਲਈ 82648-14812 ਅਤੇ 78142-77267 ’ਤੇ ਸੰਪਰਕ ਕਰ ਸਕਦੇ ਹਨ।
ਸਕੂਲਾਂ ਕੋਲੋਂ 5 ਨਵੰਬਰ ਤਕ ਵੇਰਵੇ ਮੰਗੇ
ਬੋਰਡ ਨੇ ਅੱਜ ਇਸ ਖੇਤਰ ਦੇ ਸਾਰੇ ਸਕੂਲ ਮੁਖੀਆਂ ਨੂੰ ਗੂਗਲ ਲਿੰਕ ਭੇਜ ਕੇ ਇਸ ਖੇਤਰ ਦੇ ਪ੍ਰੀਖਿਆ ਕੇਂਦਰਾਂ ਦੇ ਵੇਰਵੇ ਭੇਜੇ ਹਨ। ਅਧਿਕਾਰੀ ਨੇ ਦੱਸਿਆ ਕਿ ਇਸ ਲਿੰਕ ਵਿੱਚ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਮਾਰਚ 2021 ਦੀਆਂ ਬੋਰਡ ਪ੍ਰੀਖਿਆਵਾਂ ਦੇ ਕੇਂਦਰ ਨਵੇਂ ਸਿਰੇ ਤੋਂ ਤੈਅ ਕੀਤੇ ਗਏ ਹਨ ਅਤੇ ਸਕੂਲ ਇਸ ਲਿੰਕ ’ਤੇ ਆਪਣੇ ਵੇਰਵੇ ਅੱਪਲੋਡ ਕਰ ਕੇ 5 ਨਵੰਬਰ ਤਕ ਭੇਜ ਸਕਦੇ ਹਨ।
ਸੀਟੈੱਟ ਦੀਆਂ ਤਰੀਕਾਂ ਦਾ ਐਲਾਨ ਨਹੀਂ ਹੋਇਆ
ਸੀਬੀਐੱਸਈ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਾਲ ਦੇ ਸੈਂਟਰਲ ਟੀਚਰਜ਼ ਐਲਿਜੀਬਿਲਟੀ ਟੈਸਟ (ਸੀਟੈੱਟ) ਦੀਆਂ ਤਰੀਕਾਂ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ ਤੇ ਸੋਸ਼ਲ ਮੀਡੀਆ ’ਤੇ ਸੀਟੈੱਟ ਪ੍ਰੀਖਿਆ ਨਾਲ ਸਬੰਧਤ ਸੰਦੇਸ਼ ਝੂਠੇ ਹਨ। ਬੋਰਡ ਨੇ ਕਿਹਾ ਕਿ ਹਾਲਾਤ ਦਾ ਨਿਰੀਖਣ ਕਰਨ ਤੋਂ ਬਾਅਦ ਸੀਟੈੱਟ ਪ੍ਰੀਖਿਆ ਦੀਆਂ ਤਾਰੀਖ਼ਾਂ ਦਾ ਐਲਾਨ ਕੀਤਾ ਜਾਵੇਗਾ। ਇਹ ਜਾਣਕਾਰੀ ਸੀਬੀਐੱਸਈ ਨੇ ਟਵਿੱਟਰ ’ਤੇ ਸਾਂਝੀ ਕੀਤੀ।