ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਮਈ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਦੀ ਅੱਜ ਦਸਵੀਂ ਜਮਾਤ ਦੀ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਨੇ ਵਿਦਿਆਰਥੀਆਂ ਨੂੰ ਉਲਝਾਈ ਰੱਖਿਆ। ਇਸ ਪ੍ਰੀਖਿਆ ਵਿੱਚ ਗੁਰਬਾਣੀ ਦੀਆਂ ਤੁਕਾਂ ਵੀ ਗ਼ਲਤ ਲਿਖੀਆਂ ਹੋਈਆਂ ਸਨ ਤੇ ਕਈ ਸਵਾਲ ਅਜਿਹੇ ਸਨ, ਜਿਨ੍ਹਾਂ ਦੇ ਜਵਾਬ ਸਿਰਫ਼ ਬਹੁ-ਵਿਕਲਪੀ ਹੀ ਬਣਦੇ ਸਨ, ਜਦਕਿ ਬੋਰਡ ਨੇ ਵਿਸਥਾਰ ਸਹਿਤ ਵਿਆਖਿਆ ਮੰਗੀ ਹੈ। ਇਸ ਮਗਰੋਂ ਪੰਜਾਬ ਤੇ ਦਿੱਲੀ ਦੇ ਅਧਿਆਪਕਾਂ ਨੇ ਸੀਬੀਐੱਸਈ ਦੇ ਅਜਿਹੇ ਵਰਤਾਰੇ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਗੁੱਸਾ ਜ਼ਾਹਰ ਕੀਤਾ।
ਦਿੱਲੀ ਦੇ ਇੱਕ ਪੰਜਾਬੀ ਅਧਿਆਪਕ ਨੇ ਦੱਸਿਆ ਕਿ ਇਸ ਵਾਰ ਪੇਪਰ ਬਣਾਉਣ ਵਾਲੇ ਨੇ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਗੁਰਬਾਣੀ ਦੇ ਸਿਰਲੇਖ ‘ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ’ ਨੂੰ ਪ੍ਰਸ਼ਨ-ਪੱਤਰ ਦੇ ਭਾਗ ਤੀਜੇ ਦੇ ਪ੍ਰਸ਼ਨ 5 ਤੇ 6 ਵਿੱਚ ਗ਼ਲਤ ਲਿਖ ਕੇ ‘ਤੂੰ ਹੈ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪ੍ਰਸ਼ਨ ਨੰਬਰ 12 ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ, ਜਿਸ ਦਾ ਉੱਤਰ ਪਾਠ ਦੇ ਆਧਾਰ ’ਤੇ ਹੱਲ ਕਰਨ ਵਿੱਚ ਵਿਦਿਆਰਥੀਆਂ ਨੂੰ ਔਖ ਆਈ। ਪ੍ਰਸ਼ਨ ਨੰਬਰ 14 ‘ਬਲਵੰਤ ਸਿੰਘ ਦਾ ਦੂਜਾ ਵਿਆਹ ਕਰਾਉਣ ਦੀ ਧਮਕੀ ਪਿੱਛੇ ਕੀ ਕਾਰਨ ਹੈ, ਦਾ ਜਵਾਬ ਚਾਰ ਅੰਕਾਂ ਲਈ 50 ਤੋਂ 60 ਸ਼ਬਦਾਂ ਵਿੱਚ ਮੰਗਿਆ ਗਿਆ ਹੈ, ਪਰ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਕਹਿਣਾ ਹੈ ਕਿ ਇਹ ਪ੍ਰਸ਼ਨ 50 ਸ਼ਬਦਾਂ ਦਾ ਨਹੀਂ ਬਣਦਾ।
ਇਕਾਂਗੀ ਦੇ ਪ੍ਰਸ਼ਨ ਪਾਠ ਵਿੱਚ ਜੋ ਮੁੱਖ ਨੁਕਤੇ ਉਭਰ ਕੇ ਸਾਹਮਣੇ ਆਉਂਦੇ ਹਨ ਤੇ ਜੋ ਸੇਧ ਦਿੱਤੀ ਗਈ ਹੈ, ਉਨ੍ਹਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਗਿਆ ਹੈ। ਅਧਿਆਪਕਾਂ ਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਨਾਕਾਰਾਤਮਕ ਮੁਹਾਵਰੇ ਪ੍ਰਸ਼ਨ ਪੱਤਰ ਵਿਚ ਆਏ।