ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 24 ਫਰਵਰੀ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ 10ਵੀਂ ਤੇ 12ਵੀਂ ਬੋਰਡ ਦੀਆਂ ਜਮਾਤਾਂ ਦੇ ਪ੍ਰੈਕਟੀਕਲ ਦੋ ਮਾਰਚ ਤੋਂ ਲਏ ਜਾਣਗੇ। ਬੋਰਡ ਨੇ ਇਨ੍ਹਾਂ ਵਿਦਿਆਰਥੀਆਂ ਦੇ ਅੰਕਾਂ ਤੇ ਅੰਦਰੂਨੀ ਮੁਲਾਂਕਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਸਕੂਲਾਂ ਨੂੰ ਇਨ੍ਹਾਂ ਜਮਾਤਾਂ ਦੇ ਪ੍ਰੈਕਟੀਕਲ ਦੋ ਮਾਰਚ ਤੋਂ ਕਰਵਾਉਣ ਲਈ ਕਿਹਾ ਗਿਆ ਹੈ ਜਦਕਿ ਆਖਰੀ ਪ੍ਰੈਕਟੀਕਲ ਬੋਰਡ ਵੱਲੋਂ ਜਾਰੀ ਡੇਟਸ਼ੀਟ ਦੇ ਆਖਰੀ ਪੇਪਰ ਤੋਂ 10 ਦਿਨ ਪਹਿਲਾਂ ਕਰਵਾਉਣਾ ਲਾਜ਼ਮੀ ਹੋਵੇਗਾ। ਪ੍ਰੈਕਟੀਕਲ ਲਈ ਬੋਰਡ ਵੱਲੋਂ ਐਕਸਟਰਨਲ ਐਗਜ਼ਾਮੀਨਰ ਨਿਯੁਕਤ ਕੀਤੇ ਜਾਣਗੇ ਤੇ ਸਕੂਲਾਂ ਨੂੰ ਸਿਰਫ ਬੋਰਡ ਵੱਲੋਂ ਨਿਯੁਕਤ ਅਧਿਕਾਰੀਆਂ ਦੀ ਦੇਖ-ਰੇਖ ਹੇਠ ਹੀ ਪ੍ਰੈਕਟੀਕਲ ਕਰਵਾਉਣ ਲਈ ਕਿਹਾ ਗਿਆ ਹੈ। ਸੀਬੀਐੱਸਈ ਦੇ ਕੰਟਰੋਲਰ ਪ੍ਰੀਖਿਆਵਾਂ ਸੰਯਮ ਭਾਰਦਵਾਜ ਨੇ ਅੱਜ ਇਸ ਸਬੰਧੀ ਸਕੂਲ ਮੁਖੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ 10ਵੀਂ ਜਮਾਤ ਦੇ ਪ੍ਰੈਕਟੀਕਲ ਸਕੂਲਾਂ ਵੱਲੋਂ ਆਪਣੇ ਪੱਧਰ ’ਤੇ ਹੀ ਕਰਵਾਏ ਜਾਣਗੇ, ਪਰ 12ਵੀਂ ਜਮਾਤ ਲਈ ਬੋਰਡ ਦੇ ਬਾਹਰੀ ਪ੍ਰੀਖਿਅਕ ਤੋਂ ਬਿਨਾਂ ਕੋਈ ਪ੍ਰੈਕਟੀਕਲ ਨਹੀਂ ਹੋਵੇਗਾ। ਇਸ ਸਬੰਧੀ ਸਕੂਲਾਂ ਨੂੰ ਕਰੋਨਾ ਨਿਯਮਾਂ ਦਾ ਪਾਲਣ ਯਕੀਨੀ ਕਰਵਾਉਣ ਲਈ ਕਿਹਾ ਗਿਆ ਹੈ। ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਕਮਰੇ ਵਿੱਚ 20 ਤੋਂ ਵੱਧ ਵਿਦਿਆਰਥੀ ਨਾ ਬਿਠਾਏ ਜਾਣ। ਕੋਈ ਵੀ ਸਕੂਲ ਇਕ ਦਿਨ ਵਿਚ ਵੱਧ ਤੋਂ ਵੱਧ ਦੋ ਸੈਸ਼ਨ ਵਿੱਚ ਪ੍ਰੈਕਟੀਕਲ ਕਰਵਾ ਸਕਦਾ ਹੈ। ਬਾਹਰੀ ਪ੍ਰੀਖਿਅਕਾਂ ਤੋਂ ਇਲਾਵਾ ਸਕੂਲ ਦੇ ਪ੍ਰੀਖਿਅਕ ਵੀ ਯੋਗਤਾ ਅਨੁਸਾਰ ਨਿਯੁਕਤ ਕੀਤੇ ਜਾਣ। ਉਨ੍ਹਾਂ ਸਕੂਲਾਂ ਨੂੰ ਸਪੱਸ਼ਟ ਕੀਤਾ ਕਿ ਬੋਰਡ ਵੱਲੋਂ ਭੇਜੀ ਅੰਕ ਤਾਲਿਕਾ ਅਨੁਸਾਰ ਹੀ ਸਕੂਲ ਪ੍ਰੈਕਟੀਕਲ ਦੇ ਅੰਕ ਅਪਲੋਡ ਕਰਨ ਤੇ ਇਹ ਅੰਕ ਪ੍ਰੈਕਟੀਕਲ ਵਾਲੇ ਦਿਨ ਹੀ ਅਪਲੋਡ ਕੀਤੇ ਜਾਣ।
ਪ੍ਰਾਈਵੇਟ ਵਿਦਿਆਰਥੀਆਂ ਦੇ ਨਹੀਂ ਹੋਣਗੇ ਪ੍ਰੈਕਟੀਕਲ
ਬੋਰਡ ਨੇ ਦੱਸਿਆ ਕਿ ਪ੍ਰਾਈਵੇਟ ਵਿਦਿਆਰਥੀਆਂ ਲਈ ਕੋਈ ਪ੍ਰੈਕਟੀਕਲ ਨਹੀਂ ਹੋਵੇਗਾ ਤੇ ਉਨ੍ਹਾਂ ਦੇ ਅੰਕ ਸਾਲ 2020-21 ਵਿੱਚ ਆਏ ਨਤੀਜੇ ਦੇ ਆਧਾਰ ’ਤੇ ਲਾਏ ਜਾਣਗੇ। ਜੇ ਇਨ੍ਹਾਂ ਵਿਦਿਆਰਥੀਆਂ ਦਾ ਨਤੀਜਾ ਸੈਸ਼ਨ 2020-21 ਤੋਂ ਪਹਿਲਾਂ ਦਾ ਹੈ ਤਾਂ ਉਨ੍ਹਾਂ ਦੇ ਅੰਕ ਪ੍ਰੋ-ਰਾਟਾ ਆਧਾਰ ’ਤੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਅੰਕ ਦੇਣ ਬਾਰੇ ਖੇਤਰੀ ਦਫ਼ਤਰਾਂ ਵੱਲੋਂ ਕਿਤਾਬਚੇ ਦਿੱਤੇ ਜਾਣਗੇ।