ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਸਤੰਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵੱਲੋਂ ਹਾਲੇ ਤਕ 10ਵੀਂ ਤੇ 12ਵੀਂ ਜਮਾਤ ਦੇ ਸੈਂਪਲ ਪੇਪਰ ਜਾਰੀ ਨਹੀਂ ਕੀਤੇ ਗਏ ਜਦਕਿ ਵਿਦਿਅਕ ਵਰ੍ਹੇ ਦਾ ਅੱਧਾ ਸਾਲ ਬੀਤਣ ਵਾਲਾ ਹੈ ਤੇ ਮਾਰਚ ਵਿਚ ਬੋਰਡ ਪ੍ਰੀਖਿਆਵਾਂ ਕਰਵਾਉਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਸੈਂਪਲ ਪੇਪਰ ਜਾਰੀ ਨਾ ਹੋਣ ਕਾਰਨ ਅਧਿਆਪਕਾਂ ਦੀ ਪ੍ਰੇਸ਼ਾਨੀ ਵਧ ਗਈ ਹੈ। ਦੂਜੇ ਪਾਸੇ ਸੀਬੀਐਸਈ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਅਗਲੇ ਹਫਤੇ ਤਕ ਸੈਂਪਲ ਪੇਪਰ ਜਾਰੀ ਕਰ ਦਿੱਤੇ ਜਾਣਗੇ।
ਕਰੋਨਾ ਕਾਰਨ ਬੋਰਡ ਦੀਆਂ ਪ੍ਰੀਖਿਆਵਾਂ ਸਾਲ ਵਿਚ ਦੋ ਵਾਰ ਹੋਈਆਂ ਸਨ ਪਰ ਬੋਰਡ ਨੇ ਐਲਾਨ ਕੀਤਾ ਸੀ ਕਿ ਕਰੋਨਾ ਮਹਾਮਾਰੀ ਖਤਮ ਹੋ ਗਈ ਹੈ ਤੇ ਹੁਣ ਪ੍ਰੀਖਿਆਵਾਂ ਆਮ ਵਾਂਗ ਸਾਲ ਵਿਚ ਇਕ ਵਾਰ ਹੀ ਹੋਣਗੀਆਂ। ਇਸ ਸਬੰਧੀ ਬੋਰਡ ਨੇ ਪ੍ਰੀਖਿਆ ਦੇ ਢੰਗ ਬਾਰੇ ਸੰਖੇਪ ਵਿਚ ਤਾਂ ਦੱਸਿਆ ਪਰ ਇਹ ਨਹੀਂ ਦੱਸਿਆ ਕਿ ਪ੍ਰਸ਼ਨ ਪੱਤਰ ਕਿਸ ਤਰ੍ਹਾਂ ਦੇ ਹੋਣਗੇ। ਪੰਜਾਬ ਤੇ ਚੰਡੀਗੜ੍ਹ ਦੇ ਅਧਿਆਪਕਾਂ ਨੇ ਦੱਸਿਆ ਕਿ ਸਕੂਲਾਂ ਨੇ ਸਤੰਬਰ-ਅਕਤੂਬਰ ਦੀਆਂ ਪ੍ਰੀਖਿਆਵਾਂ ਲਈ ਪ੍ਰਸ਼ਨ ਪੱਤਰ ਤਿਆਰ ਕਰਨੇ ਹਨ ਪਰ ਉਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਸੀਬੀਐਸਈ ਦੇ ਮਾਰਚ ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਤੇ ਪੈਟਰਨ ਕਿਹੋ ਜਿਹਾ ਹੋਵੇਗਾ। ਇਸ ਕਾਰਨ ਉਨ੍ਹਾਂ ਨੂੰ ਵੱਡੀ ਸਮੱਸਿਆ ਆ ਰਹੀ ਹੈ। ਇਕ ਹੋਰ ਅਧਿਆਪਕ ਨੇ ਦੱਸਿਆ ਕਿ ਉਹ ਅੰਦਾਜ਼ੇ ਨਾਲ ਹੀ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ ਕਿਉਂਕਿ ਬੋਰਡ ਦੇ ਸੈਂਪਲ ਪੇਪਰਾਂ ਵਿਚ ਹੀ ਸਪਸ਼ਟ ਹੋਵੇਗਾ ਕਿ ਪ੍ਰਸ਼ਨਾਂ ਦੀ ਬਣਤਰ ਕਿਹੋ ਜਿਹੀ ਹੋਵੇਗੀ। ਮੁਹਾਲੀ ਦੇ ਖੇਤਰੀ ਅਧਿਕਾਰੀ ਨੇ ਦੱਸਿਆ ਕਿ ਸੈਂਪਲ ਪੇਪਰ ਜਾਰੀ ਕਰਨ ਦੀ ਪ੍ਰੀਕਿਰਿਆ ਨਵੀਂਂ ਦਿੱਲੀ ਵਿਚ ਲਗਪਗ ਮੁਕੰਮਲ ਹੈ ਤੇ ਇਹ ਅਗਲੇ ਹਫਤੇ ਕਿਸੇ ਦਿਨ ਵੀ ਜਾਰੀ ਹੋ ਸਕਦੇ ਹਨ।