ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਅਗਸਤ
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਅੱਜ ਦੇਸ਼ ਭਰ ਦੇ ਸਕੂਲਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪ੍ਰੈਕਟੀਕਲ, ਇੰਟਰਨਲ ਤੇ ਪ੍ਰਾਜੈਕਟ ਮੁਲਾਂਕਣ ਕੰਪਾਰਟਮੈਂਟ ਪ੍ਰੀਖਿਆਵਾਂ ਨਾਲ ਕਰਵਾਉਣ। ਇਹ ਪ੍ਰੈਕਟੀਕਲ ਉਨ੍ਹਾਂ ਵਿਦਿਆਰਥੀਆਂ ਦੇ ਹੋਣਗੇ ਜਿਨ੍ਹਾਂ ਨੇ ਤੈਅ ਸਮੇਂ ਵਿੱਚ ਪ੍ਰੈਕਟੀਕਲ ਨਹੀਂ ਦਿੱਤੇ ਸਨ ਤੇ ਕਈ ਵਿਦਿਆਰਥੀਆਂ ਦੇ ਪ੍ਰੈਕਟੀਕਲ ਬੋਰਡ ਨੂੰ ਸ਼ੱਕੀ ਲੱਗੇ ਸਨ। ਇਸ ਕਰ ਕੇ ਬੋਰਡ ਨੇ 30 ਜੁਲਾਈ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨਦਿਆਂ ਕਈ ਵਿਦਿਆਰਥੀਆਂ ਨੂੰ ਆਰਪੀ (ਰਿਪੀਟ ਇਨ ਪ੍ਰੈਕਟੀਕਲ) ਕੈਟਾਗਿਰੀ ਵਿੱਚ ਰੱਖਿਆ ਸੀ। ਹੁਣ ਇਨ੍ਹਾਂ ਵਿਦਿਆਰਥੀਆਂ ਨੂੰ ਦੁਬਾਰਾ ਪ੍ਰੈਕਟੀਕਲ ਦੇਣੇ ਪੈਣਗੇ। ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵਿਦਿਆਰਥੀਆਂ ਦੇ ਅੰਕਾਂ ਸਮੇਤ ਸਾਰੇ ਵੇਰਵੇ 31 ਅਗਸਤ ਤੱਕ ਖੇਤਰੀ ਦਫ਼ਤਰਾਂ ਤਕ ਜਮ੍ਹਾਂ ਕਰਵਾ ਦੇਣ। ਬੋਰਡ ਨੇ 12ਵੀਂ ਦੀ ਇੰਟਰਨਲ ਅਸੈੱਸਮੈਂਟ ਬਾਰੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਸੰਯਮ ਭਾਰਦਵਾਜ ਨੇ ਅੱਜ ਪੱਤਰ ਜਾਰੀ ਕਰ ਕੇ ਕਿਹਾ ਕਿ ਕਈ ਵਿਦਿਆਰਥੀਆਂ ਦੇ ਕੁਝ ਵਿਸ਼ਿਆਂ ਲਈ ਦੁਬਾਰਾ ਪ੍ਰੈਕਟੀਕਲ ਹੋਣਗੇ। ਸਕੂਲ ਇਨ੍ਹਾਂ ਬੱਚਿਆਂ ਦੀ ਸੂਚੀ ਪਹਿਲਾਂ ਬੋਰਡ ਨੂੰ ਆਨਲਾਈਨ ਸੌਂਪਣਗੇ। ਸਕੂਲਾਂ ਨੂੰ ਬੱਚਿਆਂ ਦੇ ਪ੍ਰੈਕਟੀਕਲ ਆਨਲਾਈਨ ਹੀ ਲੈਣ ਨੂੰ ਕਿਹਾ ਗਿਆ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਕੂਲ ਕਿਸੇ ਵੀ ਬੱਚੇ ਨੂੰ ਪ੍ਰਾਜੈਕਟ ਦੇ ਮੁਲਾਂਕਣ ਲਈ ਸਕੂਲ ਨਾ ਸੱਦਣ।