ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਅਪਰੈਲ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਸੈਸ਼ਨ 2021-22 ਤੋਂ ਪੰਜਾਬੀ ਦਾ ਸਿਲੇਬਸ ਬਦਲ ਦਿੱਤਾ ਹੈ। ਹੁਣ ਸੀਬੀਐੱਸਈ ਵੱਲੋਂ ਨੌਵੀਂ ਤੋਂ ਬਾਰ੍ਹਵੀਂ ਜਮਾਤਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੀਆਂ ਪੁਸਤਕਾਂ ਪੜ੍ਹਾਈਆਂ ਜਾਣਗੀਆਂ ਜਦਕਿ ਪਹਿਲਾਂ ਇਨ੍ਹਾਂ ਜਮਾਤਾਂ ਲਈ ਸੀਬੀਐੱਸਈ ਵੱਲੋਂ ਆਪਣੀਆਂ ਪ੍ਰਕਾਸ਼ਿਤ ਪੁਸਤਕਾਂ ਪੜ੍ਹਾਈਆਂ ਜਾਂਦੀਆਂ ਸਨ। ਨਵੇਂ ਸਿਲੇਬਸ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ, ਲੋਕ ਧਾਰਾ ਤੇ ਪੰਜਾਬੀ ਦੇ ਤਕਨੀਕੀ ਪੱਖ ਨਾਲ ਜੋੜਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।
ਸੀਬੀਐੱਸਈ ਨੇ ਬਦਲਿਆ ਹੋਇਆ ਸਿਲੇਬਸ ਅੱਜ ਤੋਂ ਦੇਸ਼ ਭਰ ਦੇ ਸਕੂਲਾਂ ਵਿੱਚ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਲਾਗੂ ਕਰ ਦਿੱਤਾ ਹੈ। ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਨਾਹਰ ਸਿੰਘ ਅਨੁਸਾਰ ਸੀਬੀਐੱਸਈ ਦਾ ਬਦਲਿਆ ਸਿਲੇਬਸ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ ਤੇ ਪੰਜਾਬੀ ਲੋਕ ਧਾਰਾ ਨਾਲ ਜੋੜਨ ਵਿੱਚ ਵਿਸ਼ੇਸ਼ ਰੋਲ ਨਿਭਾਏਗਾ। ਇਸ ਪਾਠਕ੍ਰਮ ਵਿੱਚ ਸ਼ਾਮਲ ਅਨੁਵਾਦ ਤੇ ਇਸ਼ਤਿਹਾਰ ਬਣਾਉਣ ਵਾਲਾ ਭਾਗ ਵਿਦਿਆਰਥੀਆਂ ਨੂੰ ਕਾਰੋਬਾਰੀ ਕਿੱਤਿਆਂ ਦੇ ਰਾਹ ਤੋਰਨ ਵਿੱਚ ਸਹਾਈ ਸਿੱਧ ਹੋਵੇਗਾ। ਯੂਟੀ ਦੇ ਸਾਬਕਾ ਡਿਪਟੀ ਡਾਇਰੈਕਟਰ ਸਕੂਲ ਐਜੂਕੇਸ਼ਨ ਚੰਚਲ ਸਿੰਘ ਨੇ ਦੱਸਿਆ ਕਿ ਪਹਿਲਾਂ ਬੱਚਿਆਂ ਨੂੰ ਪਹਿਲੀ ਤੋਂ ਅੱਠਵੀਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ਪੜ੍ਹਾਈਆਂ ਜਾਂਦੀਆਂ ਸਨ ਤੇ ਨੌਵੀਂ ਤੋਂ ਬਾਰ੍ਹਵੀਂ ਲਈ ਸੀਬੀਐੱਸਈ ਦੀਆਂ ਪੁਸਤਕਾਂ। ਇਸ ਕਰਕੇ ਵਿਦਿਆਰਥੀ ਨੂੰ ਨੌਵੀਂ ਜਮਾਤ ਵਿੱਚ ਆਉਣ ’ਤੇ ਸਮੱਗਰੀ ਤੇ ਭਾਸ਼ਾ ਸਬੰਧੀ ਕਈ ਪ੍ਰੇਸ਼ਾਨੀਆਂ ਆਉਂਦੀਆਂ ਸਨ ਪਰ ਸੀਬੀਐੱਸਈ ਨੇ ਹੁਣ ਇਸ ਖੱਪੇ ਨੂੰ ਪੂਰਨ ਦਾ ਯਤਨ ਕੀਤਾ ਹੈ, ਜੋ ਵਿਦਿਆਰਥੀਆਂ ਲਈ ਮਦਦਗਾਰ ਹੋਵੇਗਾ।
ਸੀਬੀਐੱਸਈ ਦੀਆਂ ਪੁਸਤਕਾਂ ਵਿੱਚ ਸਨ ਗ਼ਲਤੀਆਂ
ਸੀਬੀਐੱਸਈ ਵੱਲੋਂ ਇਨ੍ਹਾਂ ਜਮਾਤਾਂ ਲਈ ਪਹਿਲਾਂ ਆਪਣੀਆਂ ਪਾਠ ਪੁਸਤਕਾਂ ਤਿਆਰ ਕਰਵਾਈਆਂ ਜਾਂਦੀਆਂ ਸਨ, ਜਿਨ੍ਹਾਂ ਵਿੱਚ ਕਈ ਗ਼ਲਤੀਆਂ ਸਨ। ‘ਪੰਜਾਬੀ ਟ੍ਰਿਬਿਊਨ’ ਨੇ ਇਨ੍ਹਾਂ ਗ਼ਲਤੀਆਂ ਬਾਰੇ ਕਈ ਖ਼ਬਰਾਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀਆਂ ਸਨ। ਚੰਡੀਗੜ੍ਹ ਦੇ ਕਈ ਅਧਿਆਪਕਾਂ ਨੇ ਵੀ ਇਨ੍ਹਾਂ ਗ਼ਲਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਸੀਬੀਐੱਸਈ ਦੇ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਜਮਾਤਾਂ ਵਿੱਚ ਪੰਜਾਬੀ ਸੱਭਿਆਰਚਾਰ ਦੇ ਕਈ ਪੱਖਾਂ ਨੂੰ ਸ਼ਾਮਲ ਕਰਨ ਲਈ ਕਿਹਾ ਗਿਆ ਸੀ।